ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲੀ ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਲਈ ਚੈਕਿੰਗ ਮੁਹਿੰਮ ਦੌਰਾਨ ਰਿਜ਼ਨਲ ਟਰਾਂਸਪੋਰਟ ਅਫਸਰ ਹੁਸ਼ਿਆਰਪੁਰ ਇੰਜ: ਰਵਿੰਦਰ ਸਿੰਘ ਗਿੱਲ ਅਤੇ ਸਹਾਇਕ ਰਿਜਨਲ ਟਰਾਂਸਪੋਰਟ ਅਫਸਰ ਸੰਦੀਪ ਭਾਰਤੀ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਸਕੂਲਾਂ ਵਿਚ ਬੱਚਿਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੀ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਮੁਹਿੰਮ ਦੌਰਾਨ ਵੱਖ-ਵੱਖ ਸਥਾਨਾਂ ’ਤੇ ਤਕਰੀਬਨ 8 ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸੇਫ ਸਕੂਲ ਵਾਹਨ ਪਾਲਸੀ ਤਹਿਤ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ ਸਕੂਲਾਂ ਦੀਆਂ ਬੱਸਾਂ ਦੇ ਮੋਟਰ ਵਹੀਕਲ ਐਕਟ ਤਹਿਤ 23 ਚਲਾਨ ਕੀਤੇ ਗਏ ਅਤੇ 6 ਸਕੂਲੀ ਵਾਹਨ ਜ਼ਬਤ ਕੀਤੇ ਗਏ।
ਇਸ ਦੌਰਾਨ ਸਕੂਲਾਂ ਦੇ ਟਰਾਂਸਪੋਰਟ ਇੰਚਾਰਜਾਂ ਨੂੰ ਅਤੇ ਬੱਸਾਂ ਦੇ ਚਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਈਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ। ਬੱਸਾਂ ਦੇ ਚਾਲਕਾਂ ਨੂੰ ਅਤੇ ਬੱਸਾਂ ’ਤੇ ਡਿਊਟੀ ਕਰ ਰਹੇ ਹੈਲਪਰਾਂ ਨੂੰ ਵਰਦੀ ਪਾਉਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ। ਇਸ ਦੇ ਨਾਲ ਹੀ ਇਹ ਸਖ਼ਤ ਹਦਾਇਤ ਕੀਤੀ ਗਈ ਕਿ ਕਿਸੇ ਵੀ ਕਿਸਮ ਦਾ ਨਸ਼ਾ ਕਰਕੇ ਸਕੂਲ ਬੱਸ ਨਾ ਚਲਾਈ ਜਾਵੇ। ਚੈਕਿੰਗ ਮੁਹਿੰਮ ਦੌਰਾਨ ਸਕੂਲ ਪ੍ਰਿੰਸੀਪਲਾਂ ਦੇ ਇਹ ਵੀ ਧਿਆਨ ਵਿਚ ਲਿਆਂਦਾ ਗਿਆ ਕਿ ਸਕੂਲ ਅਥਾਰਟੀਜ਼ ਅਤੇ ਪ੍ਰਿੰਸੀਪਲ ਹੀ ਸੇਫ ਸਕੂਲ ਵਾਹਨ ਸਕੀਮ ਤਹਿਤ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਲਈ ਜ਼ਿੰਮੇਵਾਰ ਹਨ। ਉਹ ਚਾਹੇ ਮਾਪਿਆਂ ਵੱਲੋਂ ਕਿਰਾਏ ’ਤੇ ਲਈ ਗਈ ਗੱਡੀ ਹੋਵੇ ਜਾਂ ਸਕੂਲ ਵੱਲੋਂ ਪ੍ਰਾਈਵੇਟ ਟਰਾਂਸਪੋਰਟਰ ਤੋਂ ਕਿਰਾਏ/ਐਗਰੀਮੈਂਟ ’ਤੇ ਲਈ ਗਈ ਹੋਵੇ ਜਾਂ ਸਕੂਲ ਦੀ ਆਪਣੀ ਬੱਸ ਹੋਵੇੇ। ਇਸ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਮੂਹ ਸਕੂਲ ਪ੍ਰਿੰਸੀਪਲ ਅਤੇ ਪ੍ਰਬੰਧਕ ਕਮੇਟੀਆਂ ਨੂੰ ਇਹ ਹਦਾਇਤ ਕੀਤੀ ਗਈ ਕਿ ਸਕੂਲੀ ਬੱਚਿਆਂ ਦੇ ਆਵਾਜਾਈ ਸਾਧਨਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇ ਕੋਈ ਸਕੂਲ ਬੱਸ ਸੇਫ ਸਕੂਲ ਵਾਹਨ ਸਕੀਮ ਦੀ ਉਲੰਘਣਾਂ ਕਰਦੀ ਪਾਈ ਜਾਂਦੀ ਹੈ, ਤਾਂ ਉਸ ਵਿਚ ਬੱਚੇ ਨਾ ਭੇਜੇ ਜਾਣ ਉਸ ਲਈ ਵਾਧੂ ਬੱਸ ਦਾ ਇੰਤਜ਼ਾਮ ਕੀਤਾ ਜਾਵੇ। ਸਕੂਲ ਬੱਸ ਦਾ ਪਰਮਿਟ, ਬੀਮਾ, ਪ੍ਰਦੂਸ਼ਣ ਸਰਟੀਫਿਕੇਟ ਅਤੇ ਫਿਟਨੈੱਸ ਸਰਟੀਫਿਕੇਟ ਜ਼ਰੂਰ ਚੈੱਕ ਕੀਤੇ ਜਾਣ ਅਤੇ ਕਿਸੇ ਵੀ ਦਸਤਾਵੇਜ਼ ਦੀ ਮਿਆਦ ਲੰਘਣ ਦੀ ਹਾਲਤ ਵਿਚ ਉਸ ਬੱਸ ਵਿਚ ਬੱਚੇ ਨਾ ਭੇਜੇ ਜਾਣ। ਸਕੂਲ ਬੱਸ ਦੇ ਡਰਾਈਵਰ ਅਤੇ ਸਹਾਇਕ ਦੀ ਤਸਦੀਕਸ਼ੁਦਾ ਆਚਰਣ ਪੁਲਿਸ ਰਿਪੋਰਟ ਲਈ ਜਾਵੇ ਅਤੇ ਜੇਕਰ ਹੋ ਸਕੇ, ਤਾਂ ਸਕੂਲ ਵਿਚ ਐਲਕੋਮੀਟਰ ਰੱਖੇ ਜਾਣ ਅਤੇ ਸਮੇਂ-ਸਮੇਂ ਸਿਰ ਡਰਾਈਵਰਾਂ ਦਾ ਟੈਸਟ ਕੀਤਾ ਜਾਵੇ। ਹਰੇਕ ਸਾਲ ਡਰਾਈਵਰ ਦਾ ਡੋਪ ਟੈਸਟ ਕਰਵਾਉਣਾ ਇਕ ਸੁਰੱਖਿਅਤ ਕਦਮ ਹੋਵੇਗਾ।
ਇਸ ਮੁਹਿੰਮ ਦੌਰਾਨ ਸਕੂਲੀ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਖ਼ੁਦ ਵੀ ਆਪਣੇ ਬੱਚਿਆਂ ਦੀ ਆਵਾਜਾਈ ਲਈ ਵਰਤੇ ਜਾਂਦੇ ਸਾਧਨਾਂ/ਬੱਸਾਂ ਦੀ ਖੁਦ ਵੀ ਸਮੇ-ਸਮੇਂ ਸਿਰ ਜਾਂਚ ਕਰਨ ਅਤੇ ਜੇ ਕੋਈ ਕਮੀ ਪੇਸ਼ੀ ਨਜਰ ਆਉਂਦੀ ਹੈ, ਤਾਂ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ, ਤਾਂ ਜੋ ਬੱਚਿਆਂ ਦੀ ਸੁਰੱਖਿਅਤ ਆਵਾਜਾਈ ਯਕੀਨੀ ਬਣਾਈ ਜਾ ਸਕੇ। ਸੇਫ ਸਕੂਲ ਵਾਹਨ ਸਕੀਮ ਤਹਿਤ ਸਕੂਲ ਬੱਸਾਂ ਵਿਚ ਸਪੀਡ ਗਵਰਨਰ ਚਾਲੂ ਹਾਲਤ ਵਿਚ ਹੋਣੇ ਚਾਹੀਦੇ ਹਨ, ਕਈ ਸਕੂਲ ਬੱਸਾਂ ਦੇ ਚਲਾਨ ਸਪੀਡ ਗਵਰਨਰ ਲੱਗਿਆ ਹੋਣ ਦੇ ਬਾਵਜੂਦ ਉਸ ਨਾਲ ਛੇੜ-ਛਾੜ ਕਰਕੇ ਸਪੀਡ ਵਧਾਈ ਹੋਣ ਕਾਰਨ ਵੀ ਕੀਤੇ ਗਏ ਜੋ ਕਿ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਵੀ ਸਕੂਲੀ ਬੱਚਿਆਂ/ਵਿਦਿਆਰਥੀਆਂ ਦੀ ਸੁਰੱਖਿਅਤ ਆਵਾਜਾਈ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਹੁਸ਼ਿਆਰਪੁਰ (ਸੈਕੰਡਰੀ ਅਤੇ ਐਲੀਮੈਂਟਰੀ) ਨੂੰ ਅਤੇ ਜ਼ਿਲ੍ਹੇੇ ਦੇ ਸਾਰੇ ਸਬੰਧਤ ਸਬ ਡਵੀਜ਼ਨਲ ਮੈਜਿਸਟ੍ਰੇਟ ਨੂੰ ਸਬ ਡਵੀਜ਼ਨ ਵਿਚ ਪੈਂਦੇ ਜ਼ਿਲ੍ਹੇੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਤੋਂ ਅੰਡਰਟੇਕਿੰਗ ਸਰਟੀਫਿਕੇਟ 25 ਅਪ੍ਰੈਲ 2024 ਤੋਂ ਪਹਿਲਾਂ ਦਫਤਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ, ਜਿਸ ਅੰਡਰਟੇਕਿੰਗ ਸਰਟੀਫਿਕੇਟ ਵਿਚ ਸਕੂਲ ਪ੍ਰਿੰਸੀਪਲ ਇਹ ਸਰਟੀਫਿਕੇਟ ਦੇਣਗੇ ਕਿ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦੇ ਆਉਣ-ਜਾਣ ਲਈ ਵਰਤੀਆਂ ਜਾਣ ਵਾਲੀਆਂ ਸਕੂਲ ਬੱਸਾਂ ਅਤੇ ਵਾਹਨ, ਸੇਫ ਸਕੂਲ ਵਾਹਨ ਸਕੀਮ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦੇ ਹਨ।