ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਸਬੰਧੀ ਪਾਬੰਦੀ ਦੇ ਹੁਕਮ ਜਾਰੀ


ਹੁਸ਼ਿਆਰਪੁਰ, 22 ਜਨਵਰੀ (ਸਤੀਸ਼ ਸ਼ਰਮਾ) ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤਾ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਪਿੰਡ ਜੇਜੋਂ ਤੋਂ ਮਾਹਿਲਪੁਰ ਰੋਡ ਅਤੇ ਨੰਗਲ ਤੋਂ ਗੜ੍ਹਸ਼ੰਕਰ ਰੋਡ ‘ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਨੂੰ ਕੇਵਲ ਸ਼ਾਮ 7 ਵਜੇ ਤੋਂ ਸਵੇਰੇ 7 ਵਜੇ ਤੱਕ ਆਵਾਜਾਈ ਦੀ ਆਗਿਆ ਹੋਵੇਗੀ ਅਤੇ ਇਸ ਸਮੇਂ ਤੋਂ ਇਲਾਵਾ ਇਨ੍ਹਾਂ ਸੜਕਾਂ ‘ਤੇ ਮਾਈਨਿੰਗ ਮਟੀਰੀਅਲ ਲਿਜਾਣ ਵਾਲੇ ਟਿੱਪਰ/ਟਰੱਕਾਂ ਦੀ ਆਵਾਜਾਈ ‘ਤੇ 20 ਮਾਰਚ 2026 ਤੱਕ ਰੋਕ ਲਗਾਈ ਗਈ ਹੈ।

          ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨੂੰ ਹਦਾਇਤ ਕੀਤੀ ਹੈ ਕਿ ਪਿੰਡਾਂ ਦੇ ਵਲੰਟੀਅਰਾਂ ਵੱਲੋਂ ਵਿਸ਼ੇਸ਼ ਥਾਵਾਂ ‘ਤੇ ਠੀਕਰੀ ਪਹਿਰਾ ਆਦਿ ਦੇ ਪ੍ਰਬੰਧ ਕੀਤੇ ਜਾਣ । ਉਪ ਪੁਲਿਸ ਕਪਤਾਲ ਗੜ੍ਹਸ਼ੰਕਰ ਯਕੀਨੀ ਬਣਾਉਣਗੇ ਕਿ ਟ੍ਰੈਫਿਕ ਪੁਲਿਸ ਵੱਲੋਂ ਟਿੱਪਰ/ਟਰੱਕਾਂ ਦੀ ਓਵਰਸਪੀਡ ਦੀ ਚੈਕਿੰਗ ਕੀਤੀ ਜਾਵੇ। ਰਿਜਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਉਕਤ ਹੁਕਮਾਂ ਸਨਮੁੱਖ ਓਵਰਲੋਡ ਅਤੇ ਹੋਰ ਨਿਯਮਾਂ ਦੀ ਉਲੰਘਣਾ ਸਬੰਧੀ ਚੈਕਿੰਗ ਅਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਉਣਗੇ। ਕਾਰਜਕਾਰੀ ਇੰਜੀਨੀਅਰ, ਡਰੇਨੇਜ-ਕਮ-ਜ਼ਿਲ੍ਹਾ ਮਾਈਨਿੰਗ ਅਫ਼ਸਰ ਹੁਸ਼ਿਆਰਪੁਰ ਅੰਤਰ-ਰਾਜੀ ਚੈਕ ਪੋਸਟਾਂ ‘ਤੇ 24 ਘੰਟੇ ਮੋਨੀਟਰਿੰਗ ਯਕੀਨੀ ਬਣਾਉਣਗੇ ਅਤੇ ਇਸ ਦੇ ਨਾਲ ਹੀ ਚੈਕ ਪੋਸਟ ‘ਤੇ ਭਾਰ ਤੋਲਣ ਵਾਲੇ ਕੰਡੇ ਦੀ ਵਰਤੋਂ ਕਰਕੇ ਓਵਰਲੋਡ ਟਿੱਪਰਾਂ ਦੀ ਚੈਕਿੰਗ ਅਤੇ ਇਨ੍ਹਾਂ ‘ਤੇ ਬਣਦੀ ਕਾਰਵਾਈ ਅਮਲ ਵਿਚ ਲਿਆਉਣੀ ਯਕੀਨੀ ਬਣਾਈ ਜਾਵੇਗੀ। ਇਹ 20 ਮਾਰਚ 2026ਤੱਕ ਲਾਗੂ ਰਹੇਗਾ। 

Leave a Reply

Your email address will not be published. Required fields are marked *