ਭਾਸ਼ਾ ਵਿਭਾਗ ਨੇ ਜਨ ਸਾਹਿਤ ਮੈਗਜ਼ੀਨ ਵਾਸਤੇ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ’ ਵਿਸ਼ੇਸ਼ ਅੰਕ ਲਈ ਰਚਨਾਵਾਂ ਮੰਗੀਆਂ


ਹੁਸ਼ਿਆਰਪੁਰ, 16 ਜਨਵਰੀ : ਭਾਸ਼ਾ ਵਿਭਾਗ ਪਿਛਲੇ ਲੰਬੇ ਅਰਸੇ ਤੋਂ ਚਾਰ ਮੈਗਜ਼ੀਨਾਂ ਪੰਜਾਬੀ ਦੁਨੀਆ, ਜਨ ਸਾਹਿਤ, ਪਰਵਾਜ਼-ਏ- ਅਦਬ ਅਤੇ ਪੰਜਾਬ ਸੌਰਭ ਰਾਹੀਂ ਮਿਆਰੀ ਸਾਹਿਤ ਦੀ ਪ੍ਰਕਾਸ਼ਨਾ ਕਰਦਾ ਆ ਰਿਹਾ ਹੈ। ਮੌਜੂਦਾ ਸਮੇਂ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਇਹ ਕਾਰਜ ਬਾਦਸਤੂਰ ਜਾਰੀ ਹੈ। ਇਸ ਬਾਬਤ ਵਿਸਤਾਰ ਨਾਲ ਗੱਲ ਕਰਦਿਆਂ ਡਾ. ਜਸਵੰਤ ਰਾਏ ਖੋਜ ਅਫ਼ਸਰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਨੇ ਕਿਹਾ ਕਿ ਇਸ ਵਾਰ ਭਾਸ਼ਾ ਵਿਭਾਗ ਦੇ ਰਸਾਲੇ ‘ਜਨ ਸਾਹਿਤ’ ਦਾ ‘ਗਿਆਨੀ ਗੁਰਮੁਖ ਸਿੰਘ ਮੁਸਾਫਿਰ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। ਇਸ ਲਈ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੇਖਕਾਂ, ਖੋਜਾਰਥੀਆਂ ਨੂੰ ਗੁਜ਼ਾਰਿਸ਼ ਹੈ ਕਿ ਗਿਆਨੀ ਗੁਰਮੁਖ ਸਿੰਘ ਮੁਸਾਫਿਰ ਹੁਰਾਂ ਦੇ ਜੀਵਨ, ਰਚਨਾਵਾਂ ਕਵਿਤਾ-ਕਹਾਣੀ-ਜੀਵਨੀ, ਪੰਜਾਬ ਦੀ ਸਿਆਸਤ ਵਿੱਚ ਨਿਭਾਈ ਭੂਮਿਕਾ ਤੋਂ ਇਲਾਵਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿੱਚ ਪਾਏ ਯੋਗਦਾਨ ਸਬੰਧੀ ਲੇਖ ਲਿਖ ਕੇ ਪੰਜ ਫਰਵਰੀ, 2026 ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਹਾਰਡ ਅਤੇ ਸਾਫਟ ਕਾਪੀ ਦੇ ਰੂਪ ਵਿੱਚ ਪੁਜਦੇ ਕਰਨ। ਰਚਨਾ ਭੇਜਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣਪ੍ਰਕਾਸ਼ਿਤ ਰਚਨਾ ਹੋਣ ਸਬੰਧੀ ਸਵੈ ਤਸਦੀਕ ਦੇ ਨਾਲ-ਨਾਲ ਲੇਖਕ ਦਾ ਪੂਰਾ ਪਤਾ ਸਮੇਤ ਫੋਨ ਨੰਬਰ ਜ਼ਰੂਰ ਦਰਜ ਕੀਤਾ ਹੋਵੇ।
ਗਿਆਨੀ ਗੁਰਮੁਖ ਸਿੰਘ ਮੁਸਾਫਿਰ ਮੌਜੂਦਾ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ। ਉਹ ਇਕ ਵੱਡੇ ਦਾਨਿਸ਼ਵਰ, ਕਹਾਣੀਕਾਰ, ਨਿਬੰਧਕਾਰ, ਜੀਵਨੀ ਲੇਖਕ, ਕਵੀ, ਸਫ਼ਰਨਾਮਾ ਲੇਖਕ ਅਤੇ ਅਨੁਵਾਦਕ ਸਨ। ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਮਿਲਿਆ ਹੋਇਆ ਸੀ। ਉਨ੍ਹਾਂ ਸਾਹਿਤ ਅਤੇ ਸਿਆਸਤ ਵਿੱਚ ਇਕੋ ਜਿੰਨੀ ਸ਼ਿੱਦਤ ਨਾਲ ਕੰਮ ਕੀਤਾ। ਭਾਸ਼ਾ ਵਿਭਾਗ ਵੱਲੋਂ ਮੈਗਜ਼ੀਨ ਜਨ ਸਾਹਿਤ ਦਾ ਉਨ੍ਹਾਂ ਬਾਰੇ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਉਨ੍ਹਾਂ ਨੂੰ ਅਕੀਦਤ ਭੇਟ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *