
ਹੁਸ਼ਿਆਰਪੁਰ, 17 ਜੂਨ : (ਸਤੀਸ਼ ਸ਼ਰਮਾ)ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਆਸ਼ਿਕਾ ਜੈਨ ਨੇ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਯੂ) ਦੁਆਰਾ ਬਹਾਦਰੀ ਵਾਲੇ ਕਾਰਮਾਨੇ ਕਰਨ ਵਾਲੇ ਬੱਚਿਆ ਅਤੇ ਯੁਵਾਵਾਂ ਨੂੰ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਣਾ ਹੈ। ਜਿਸ ਸਬੰਧੀ ਬਾਲ ਪੁਰਸਕਾਰ ਲਈ ਬਿਨੈਕਾਰਾਂ ਦੀ ਉਮਰ 6 ਤੋਂ 18 ਸਾਲ ਅਤੇ ਯੁਵਾ ਪੁਰਸਕਾਰ ਲਈ 18 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਬਹਾਦਰੀ ਪੁਰਸਕਾਰ ਲਈ 5 ਅਕਤੂਬਰ, 2025 ਤੱਕ ਅਰਜ਼ੀਆਂ ਜਮ੍ਹਾ ਕਰਵਾਈਆਂ ਜਾ ਸਕਦੀਆਂ ਹਨ।
ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਜਿਹੜੇ ਬੱਚਿਆਂ ਜਾਂ ਨੋਜਵਾਨਾਂ ਵੱਲੋਂ 1 ਜੁਲਾਈ, 2024 ਤੋਂ 30 ਸਤੰਬਰ 2025 ਦੇ ਵਿਚਕਾਰ ਕਿਸੇ ਬੱਚੇ ਨੂੰ ਡੁੱਬਣ ਤੋਂ ਬਚਾਉਣ, ਜੰਗਲੀ ਜਾਨਵਰਾਂ ਦੇ ਹਮਲਿਆਂ ਤੋਂ ਬਚਾਉਣ ਵਰਗੇ ਬਹਾਦਰੀ ਭਰੇ ਕੰਮ ਕੀਤੇ ਹਨ। ਉਨ੍ਹਾਂ ਵਿਚ ਜਾਨਲੇਵਾ ਜ਼ੋਖ਼ਮ, ਸਰੀਰਕ ਸੱਟ ਦੇ ਖ਼ਤਰੇ ਨੂੰ ਝੱਲਣ ਦੀ ਦਲੇਰੀ ਹੈ। ਇਸ ਤੋਂ ਇਲਾਵਾ ਅਜਿਹੇ ਬੱਚਿਆਂ ਅਤੇ ਯੂਵਾਵਾਂ ਵਿਚ ਸਮਾਜਿਕ ਬੁਰਾਈਆਂ ਜਾਂ ਅਪਰਾਧ ਵਿਰੁੱਧ ਖੜ੍ਹੇ ਹੋਣ ਦੀ ਨਿਰਸਵਾਰਥ ਹਿੰਮਤ ਹੈ। ਜਿਸ ਲਈ ਇਨ੍ਹਾਂ ਬੱਚਿਆਂ ਅਤੇ ਯੁਵਾਵਾਂ ਨੂੰ ਸਨਮਾਨਿਆ ਜਾਣਾ ਹੈ।
ਸਕੱਤਰ ਜ਼ਿਲ੍ਹਾ ਰੈੱਡ ਕ੍ਰਾਸ ਸੁਸਾਇਟੀ ਮੰਗੇਸ਼ ਸੂਦ ਨੇ ਦੱਸਿਆ ਕਿ ਬਾਲ ਪੁਰਸਕਾਰ ਲਈ ਬਿਨੈਕਾਰਾਂ ਦੀਆਂ ਅਰਜ਼ੀਆਂ, ਬਿਨੈਕਾਰ ਦੇ ਸਕੂਲ ਪ੍ਰਿੰਸੀਪਲ ਜਾਂ ਹੈੱਡਮਾਸਟਰ, ਰਾਜ/ਯੂ.ਟੀ ਬਾਲ ਭਲਾਈ ਕੌਂਸਲ ਦੇ ਪ੍ਰਧਾਨ/ਜਨਰਲ ਸਕੱਤਰ/ਅਹੁਦੇਦਾਰ, ਸਕੱਤਰ, ਰੈੱਡ ਕ੍ਰਾਸ ਸੁਸਾਇਟੀ ਜਾਂ ਕਿਸੇ ਸੇਵਾਮੁਕਤ ਸਰਕਾਰੀ ਅਧਿਕਾਰੀ ਦੁਆਰਾ ਸਿਫਾਰਸ਼ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦੱਸਿਆ ਕਿ ਆਈ.ਸੀ.ਸੀ.ਡਬਲਿਊ ਭਾਰਤ ਪੁਰਸਕਾਰ ਵਿਚ ਰਕਮ 1,00,000 ਰੁਪਏ ਦਾ ਨਕਦ ਇਨਾਮ, ਆਈ.ਸੀ.ਸੀ.ਡਬਲਯੂ ਧਰੁਵ ਪੁਰਸਕਾਰ, ਮਾਰਕੰਡੇ ਪੁਰਸਕਾਰ, ਸ਼ਰਵਣ ਪੁਰਸਕਾਰ, ਪ੍ਰਹਿਲਾਦ ਪੁਰਸਕਾਰ, ਏਕਲਵਿਆ ਪੁਰਸਕਾਰ ਅਤੇ ਅਭਿਮੰਨਿਊ ਪੁਰਸਕਾਰ ਵਿਚ 75,000 ਰੁਪਏ ਅਤੇ ਜਨਰਲ ਪੁਰਸਕਾਰਾਂ ਵਿਚ 40,000 ਰੁਪਏ ਇਕ ਤਗਮਾ (ਸੋਨਾ ਜਾਂ ਚਾਂਦੀ) ਅਤੇ ਇਕ ਸਰਟੀਫਿਕੇਟ ਸ਼ਾਮਿਲ ਹੈ।