ਸੀਬੀਸੀ ਨੇ ਕਾਰਗਿਲ ਵਿਜੇ ਦਿਵਸ ‘ਤੇ ਪੇਂਟਿੰਗ ਮੁਕਾਬਲੇ ਦਾ ਕੀਤਾ ਆਯੋਜਨ

ਕੇਂਦਰੀ ਸੰਚਾਰ ਬਿਊਰੋ (ਸੀਬੀਸੀ), ਸੂਚਨਾ ਅਤੇ ਪ੍ਰਸਾਰਣ ਮੰਤਰਾਲਾ, ਭਾਰਤ ਸਰਕਾਰ ਨੇ ਕੱਲ੍ਹ ਦੇਸ਼ ਭਰ ਵਿੱਚ ਮਨਾਏ ਜਾ ਰਹੇ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਦੇ ਮੌਕੇ ‘ਤੇ ਇੱਕ ਪੇਂਟਿੰਗ ਮੁਕਾਬਲੇ ਦਾ ਆਯੋਜਨ ਕੀਤਾ।

ਸਥਾਨਕ ਸੈਨਿਕ ਵੈਲਫੇਅਰ ਦਫਤਰ ਸਥਿਤ ਸੈਨਿਕ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਵਿਖੇ ਵੱਖ-ਵੱਖ ਖੇਤਰਾਂ ਵਿੱਚ ਕੋਚਿੰਗ ਲੈ ਰਹੇ ਵਿਦਿਆਰਥੀਆਂ ਵਿਚਕਾਰ ਇਹ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਕਾਰਗਿਲ ਵਿਜੇ ਦਿਵਸ ਸਮਾਰੋਹ ਦਾ ਹਿੱਸਾ ਸੀ, ਜਿਸ ਦੇ ਮੌਕੇ ‘ਤੇ ਸੀਬੀਸੀ ਭਲਕੇ ਸੈਨਿਕ ਵੈਲਫੇਅਰ ਦਫਤਰ ਵਿਖੇ ਇੱਕ ਫੋਟੋ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ।

ਮੁੱਖ ਮਹਿਮਾਨ ਲੈਫਟੀਨੈਂਟ ਜਨਰਲ ਜੇਐੱਸ ਢਿੱਲੋਂ (ਸੇਵਾਮੁਕਤ) ਨੇ ਨੌਜਵਾਨਾਂ ਨੂੰ ਦੇਸ਼ ਦੀ ਤਰੱਕੀ ਲਈ ਕੰਮ ਕਰਨ ਲਈ ਪ੍ਰੇਰਿਤ ਕਰਨ ਲਈ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਸੀਬੀਸੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਜਾ ਕੇ ਕੰਮ ਕਰਨ ਤੋਂ ਪਰ੍ਹੇ ਹੱਟ ਕੇ ਸੋਚਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨੌਜਵਾਨ ਦਿਮਾਗ ਇੱਥੇ ਹੀ ਕੰਮ ਕਰਕੇ ਭਾਰਤ ਦੀ ਤਰੱਕੀ ਵਿੱਚ ਯੋਗਦਾਨ ਪਾਉਣ।

ਇਸ ਮੌਕੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਲੈਫਟੀਨੈਂਟ ਜਨਰਲ ਢਿੱਲੋਂ ਅਤੇ ਵਿੰਗ ਕਮਾਂਡਰ ਸਿੰਘ ਨੂੰ ਕਾਰਗਿਲ ਵਿਜੇ ਦਿਵਸ ਦੀ ਸਿਲਵਰ ਜੁਬਲੀ ਨਾਲ ਸਬੰਧਤ ਵਿਸ਼ੇਸ਼ ਬੈਜ ਲਗਾ ਕੇ ਸਨਮਾਨਿਤ ਕੀਤਾ।

ਵਿੰਗ ਕਮਾਂਡਰ ਗੁਰਪ੍ਰੀਤ ਸਿੰਘ (ਸੇਵਾਮੁਕਤ) ਅਤੇ ਸੀਬੀਸੀ ਦੇ ਫੀਲਡ ਪਬਲੀਸਿਟੀ ਅਫਸਰ ਰਾਜੇਸ਼ ਬਾਲੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।

ਜੇਤੂਆਂ ਵਿੱਚੋਂ ਤਮੰਨਾ ਨੇ ਪਹਿਲਾ, ਜਸਪ੍ਰੀਤ ਕੌਰ ਨੇ ਦੂਜਾ, ਤਾਨੀਆ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਮਲਪ੍ਰੀਤ ਕੌਰ ਨੇ ਦਿਲਾਸਾ ਇਨਾਮ ਜਿੱਤਿਆ।

ਲੈਫਟੀਨੈਂਟ ਜਨਰਲ ਢਿੱਲੋਂ ਨੇ ਵਿੰਗ ਕਮਾਂਡਰ ਸਿੰਘ ਅਤੇ ਐੱਫਪੀਓ ਬਾਲੀ ਦੇ ਨਾਲ ਮਿਲ ਕੇ ਜੇਤੂਆਂ ਨੂੰ ਸਨਮਾਨਿਤ ਕੀਤਾ।

ਜੇਤੂਆਂ ਦੀ ਚੋਣ ਕਰਨ ਲਈ ਸੈਨਿਕ ਇੰਸਟੀਚਿਊਟ ਪੰਜਾਬ ਦੇ ਰਜਿਸਟਰਾਰ ਡਾ. ਪਰਮਿੰਦਰ ਕੌਰ ਸੈਣੀ ਅਤੇ ਫੈਕਲਟੀ ਇੰਚਾਰਜ ਪ੍ਰੋ. ਚਾਂਦਨੀ ਸ਼ਰਮਾ ਜੱਜ ਸਨ।

Leave a Reply

Your email address will not be published. Required fields are marked *