ਭਾਸ਼ਾ ਵਿਭਾਗ ਵੱਲੋਂ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੇ ਸਾਗਰ’ ਲੋਕ ਅਰਪਣ


          ਪੰਜਾਬੀ ਭਾਸ਼ਾ ਅਤੇ ਸਾਹਿਤ ਵਿੱਚ ਸਿਰਜਣਾਤਮਕ ਵਾਧੇ ਹਿੱਤ ਅੱਜ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿੱਚ ਰਮਣੀਕ ਸਿੰਘ ਘੁੰਮਣ ਅਤੇ ਜਸ਼ਨਜੋਤ ਘੁੰਮਣ ਦੇ ਸਾਂਝੇ ਕਾਵਿ ਸੰਗ੍ਰਹਿ ‘ਲਫ਼ਜ਼ਾਂ ਦੇ ਸਾਗਰ’ ਦਾ ਖੋਜ ਅਫ਼ਸਰ ਡਾ. ਜਸਵੰਤ ਰਾਏ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ ਚੋਬੇ ਅਤੇ ਸਹਾਇਕ ਡਾਇਰੈਕਟਰ ਯੁਵਕ ਭਲਾਈ ਸੇਵਾਵਾਂ ਪ੍ਰੀਤ ਕੋਹਲੀ ਵੱਲੋਂ  ਲੋਕ ਅਰਪਣ ਕੀਤਾ ਗਿਆ।
          ਕਾਵਿ ਸੰਗ੍ਰਹਿ ਦੀ ਸਿਰਜਣਤਮਕਤਾ ਬਾਰੇ ਗੱਲ ਕਰਦਿਆਂ ਡਾ. ਜਸਵੰਤ ਰਾਏ ਨੇ ਕਿਹਾ ਕਿ ਇਹ ਰਮਣੀਕ ਸਿੰਘ ਘੁੰਮਣ ਅਤੇ ਜਸ਼ਨਜੋਤ ਘੁੰਮਣ ਦਾ ਪਲੇਠਾ ਸਾਂਝਾ ਕਾਵਿ ਸੰਗ੍ਰਹਿ ਹੈ।ਪਿਓ ਧੀ ਵੱਲੋਂ ਸਿਰਜੀਆਂ ਕਵਿਤਾਵਾਂ ਵਿੱਚ ਰੁਮਾਂਸਵਾਦੀ ਦ੍ਰਿਸ਼ਟੀ ਦੇ ਨਾਲ-ਨਾਲ ਰੂਹਾਨੀਅਤ, ਕੁਦਰਤ, ਸਵੈ ਨਾਲ ਸੰਵਾਦ, ਇਤਿਹਾਸ ਅਤੇ ਮਿਥਿਹਾਸ ਨੂੰ ਜਾਨਣ ਦੀ ਸਿੱਕ, ਜ਼ਿੰਦਗੀ ਨੂੰ ਜੀਊਣ ਦਾ ਸਲੀਕਾ, ਖ਼ੁਦ ਨੂੰ ਪਿਆਰ ਅਤੇ ਸਤਿਕਾਰ ਕਰਨ ਦਾ ਬਲ ਅਤੇ ਸਮਾਜਿਕ ਬੰਦਸ਼ਾਂ ਨੂੰ ਤੋੜ ਕੇ ਬਰਾਬਰਤਾ ਵਾਲੇ ਜੀਵਨ ਦਾ ਖੁਲ੍ਹ ਕੇ ਬਿਰਤਾਂਤ ਸਿਰਜਿਆ ਗਿਆ ਹੈ।ਲੋਕੇਸ਼ ਕੁਮਾਰ ਅਤੇ ਪ੍ਰੀਤ ਕੋਹਲੀ ਨੇ ਕਵਿਤਾ ਵਿਚਲੀ ਕਾਵਿਕਤਾ ਨੂੰ ਅਧਾਰ ਬਣਾ ਕੇ ਦੋਵਾਂ ਸਿਰਜਣਕਾਰਾਂ ਨੂੰ ਪੰਜਾਬੀ ਕਾਵਿ ਜਗਤ ਵਿੱਚ ਇਸ ਪਲੇਠੀ ਪਹਿਲ ਲਈ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿੱਚ ਇਸ ਕਾਵਿ ਸਫ਼ਰ ਨੂੰ ਬਾਦਸਤੂਰ ਜਾਰੀ ਰੱਖਣ ਲਈ ਆਖਿਆ।ਇਸ ਮੌਕੇ ਦੋਵਾਂ ਸ਼ਾਇਰਾਂ ਨੇ ਕਿਤਾਬ ਵਿੱਚੋਂ ਆਪਣੀਆਂ ਨਜ਼ਮਾਂ ਦਾ ਪਾਠ ਵੀ ਸਰੋਤਿਆਂ ਨਾਲ ਸਾਂਝਾ ਕੀਤਾ।ਸਮਾਗਮ ਦੌਰਾਨ ਸਟੇਜ ਦੀ ਕਾਰਵਾਈ ਅਧਿਆਪਕ ਸਾਥੀ ਅਜੇ ਕੁਮਾਰ ਨੇ ਬਾਖ਼ੂਬੀ ਨਿਭਾਈ।ਇਸ ਮੌਕੇ ਅਮਨਜੀਤ ਕੌਰ, ਲਵਪ੍ਰੀਤ, ਲਾਲ ਸਿੰਘ, ਰਵਿੰਦਰ ਭਾਰਦਵਾਜ ਅਤੇ ਪੁਸ਼ਪਾ ਰਾਣੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *