ਹੁਸ਼ਿਆਰਪੁਰ 19 ਜੂਨ 2024 ਇਹਨੀ ਦਿਨੀਂ ਪੈ ਰਹੀ ਭਿਆਨਕ ਗਰਮੀ ਕਰਕੇ ਹੀਟ ਵੇਵ ਸਟ੍ਰੋਕ ਜਿਸ ਨੂੰ ਆਮ ਭਾਸ਼ਾ ਵਿੱਚ ਲੂ-ਲੱਗਣਾ ਵੀ ਕਿਹਾ ਜਾਂਦਾ ਹੈ, ਜੋ ਕਿ ਬਹੁਤ ਹੀ ਘਾਤਕ ਸਾਬਤ ਹੋ ਸਕਦੀ ਹੈ ਤੋੰ ਬਚਾਓ ਸਬੰਧੀ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਵੱਲੋਂ ਲੋਕਾਂ ਨੂੰ ਗਰਮੀ ਦੀਆਂ ਲਹਿਰਾਂ ਤੋਂ ਬਚਾਉਣ ਲਈ ਲੋੜੀਂਦੇ ਉਪਰਾਲੇ ਕਰਨ ਦੀ ਅਪੀਲ ਕਰਦਿਆਂ ਐਡਵਾਈਜ਼ਰੀ ਜਾਰੀ ਕੀਤੀ ਗਈ । ਡਾ ਡਮਾਣਾ ਨੇ ਕਿਹਾ ਕਿ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰਕੇ ਉਹਨਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਲੂ-ਲੱਗਣ ਦੇ ਲੱਛਣਾਂ ਵਿੱਚ ਸਰੀਰ ਦਾ ਤਾਪਮਾਨ 40° C ਤੋਂ ਵੱਧਣਾ, ਬੇਹੋਸ਼ੀ/ਭ੍ਰਮ ਦੀ ਸਥਿਤੀ ਹੋਣੀ, ਚੱਕਰ ਆਉਣੇ, ਚਮੜੀ ਦਾ ਖੁਸ਼ਕ ਅਤੇ ਲਾਲ ਹੋਣਾ, ਬਹੁਤ ਕਮਜ਼ੋਰੀ ਹੋਣਾ, ਬਹੁਤ ਤੇਜ ਸਿਰ ਦਰਦ, ਉਲਟੀ ਆਉਣਾ ਆਦਿ ਸ਼ਾਮਿਲ ਹਨ। ਡਾ ਡਮਾਣਾ ਨੇ ਕਿਹਾ ਇਸ ਸਥਿਤੀ ਵਿੱਚ ਮਰੀਜ ਨੂੰ ਪ੍ਰਾਥਮਿਕ ਉਪਚਾਰ ਜਿਵੇਂ ਕਿ ਕੱਪੜੇ ਢਿੱਲੇ ਕਰਨੇ ਤੇ ਘੱਟ ਕਰਨੇ, ਠੰਡੀ ਜਗ੍ਹਾ ਤੇ ਲੈ ਕੇ ਜਾਣਾ, ਬਰਫ/ਆਈਸ ਪੈਕ ਸਰੀਰ ਤੇ ਰੱਖਣਾ ਤਾਂ ਜਰੂਰੀ ਹਨ ਹੀ ਇਸ ਦੇ ਨਾਲ ਹੀ ਮਰੀਜ ਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਉਣਾ ਬਹੁਤ ਜਰੂਰੀ ਹੈ ਤਾਂ ਜੋ ਸਹੀ ਤਰ੍ਹਾਂ ਨਾਲ ਇਲਾਜ ਕਰਕੇ ਮਰੀਜ ਦੀ ਜਾਨ ਬਚਾਈ ਜਾ ਸਕੇ। ਜੇਕਰ ਹੋ ਸਕੇ ਤਾਂ ਮਰੀਜ ਨੂੰ ਵਾਤਾਨੂਕੁਲਿਤ ਵਾਹਨ ਵਿੱਚ ਹੀ ਹਸਪਤਾਲ ਲਿਜਾਇਆ ਜਾਵੇ। ਜੇਕਰ ਮਰੀਜ ਨੂੰ ਹਸਪਤਾਲ ਪਹੁੰਚਾਉਣ ਵਿੱਚ ਦੇਰੀ ਹੋ ਜਾਏ ਤਾਂ ਸਥਿਤੀ ਜੋਖਿਮ ਭਰੀ ਹੋ ਸਕਦੀ ਹੈ। ਸਿਵਲ ਸਰਜਨ ਨੇ ਕਿਹਾ ਕਿ ਸ਼ਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ। ਗਰਮੀ ਦੇ ਮੌਸਮ ਵਿੱਚ ਪਾਣੀ ਉਚਿਤ ਮਾਤਰਾ ਵਿੱਚ ਪੀਓ, ਪਾਣੀ ਦੀ ਬੋਤਲ ਹਮੇਸ਼ਾਂ ਨਾਲ ਰੱਖੋ। ਮਿੱਠੇ ਅਤੇ ਨਮਕ ਸਮੇਤ ਨਿੰਬੂ ਪਾਣੀ, ਲੱਸੀ, ਓ.ਆਰ.ਐਸ ਅਤੇ ਹੋਰ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਸਹੀ ਮਾਤਰਾ ਬਣਾਈ ਰੱਖਦੇ ਹਨ।
ਜ਼ਿਲਾ ਐਪੀਡੀਮੋਲੋਜਿਸਟ ਡਾ ਜਗਦੀਪ ਸਿੰਘ ਨੇ ਇਸ ਸੰਬੰਧੀ ਗੱਲ ਕਰਦਿਆਂ ਦੱਸਿਆ ਕਿ ਇਹਨਾ ਦਿਨਾਂ ਵਿੱਚ ਕੰਸਟ੍ਰਕਸ਼ਨ ਸਾਈਟ ਤੇ ਕੰਮ ਕਰਨ ਵਾਲੀ ਲੇਬਰ ਕਲਾਸ ਨੂੰ ਵਧੇਰੇ ਸੁਚੇਤ ਰਹਿਣ ਦੀ ਲੋੜ ਹੈ। ਸਿੱਧੀ ਪੈਂਦੀ ਧੁੱਪ ਵਿਚ ਕੰਮ ਕਰਨ ਤੋਂ ਪਰਹੇਜ਼ ਕੀਤਾ ਜਾਵੇ ।ਹੋ ਸਕੇ ਤਾਂ ਛਾਂ ਵਿੱਚ ਕੰਮ ਕੀਤਾ ਜਾਵੇ, ਸਿਰ ਢੱਕ ਕੇ ਰੱਖੋ ਤੇ ਸੂਤੀ ਕੱਪੜੇ ਪਾਓ । ਕੰਮ ਵਾਲੀ ਸਾਈਟ ਤੇ ਅਗਰ ਅਚਾਨਕ ਤੇਜ਼ ਸਿਰਦਰਦ , ਧੁੰਦਲਾ ਦਿਖਣਾ ਜਾਂ ਚੱਕਰ ਆਉਣ ਲੱਗਣ ਤਾਂ ਮਰੀਜ਼ ਨੂੰ ਤੁਰੰਤ ਛਾਂ ਚ ਲਿਟਾਓ ।ਅਗਰ ਹੋਸ਼ ਚ ਹੈ ਤਾਂ ਪਾਣੀ ਪਿਲਾਓ। ਸ਼ਰੀਰ ਨੂੰ ਠੰਡਾ ਕਰਨ ਦਾ ਉਪਰਾਲਾ ਕਰੋ । ਅਗਰ ਕੋਈ ਸੁਰੱਖਿਆ ਵਸਤਰ ਜਾਂ ਹੈਲਮੇਟ ਵਗੈਰਾ ਪਹਿਨਿਆ ਹੋਵੇ ਤਾਂ ਉਸ ਨੂੰ ਤੁਰੰਤ ਉਤਾਰ ਦਿਓ ।ਉਲਟੀ ਆ ਰਹੀ ਹੋਵੇ ਤਾਂ ਮਰੀਜ਼ ਨੂੰ ਵੱਖੀ ਪਰਨੇ ਕਰੋ ਬੇਹੋਸ਼ੀ ਦੀ ਹਾਲਤ ਵਿਚ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਲੈ ਕੇ ਜਾਓ ।