ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਅੰਦਰ ਬਣੀ ਕਮੇਟੀ ਅਤੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਸੀਨੀਅਰ ਪੁਲਿਸ ਕਪਤਾਨ ਸੁਰੇਂਦਰ ਲਾਂਬਾ ਦੀ ਰਹਿਨੁਮਾਈ ਹੇਠ ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ ਜ਼ਿਲ੍ਹੇ ਅੰਦਰ 55 ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਸਹਾਇਕ ਟਰਾਂਸਪੋਰਟ ਅਫ਼ਸਰ ਹੁਸ਼ਿਆਰਪੁਰ ਸੰਦੀਪ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਖਤ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਸਕੀਮ ਅਧੀਨ ਕੀਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੀਆਂ 13 ਬੱਸਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬਿਨਾਂ ਕਾਗਜ਼ਾਤ, ਫਿਟਨੈਸ ਸਰਟੀਫਿਕੇਟ ਵਾਲੀਆਂ 2 ਬੱਸਾਂ ਨੂੰ ਵੱਖ-ਵੱਖ ਥਾਣਿਆਂ ਵਿਚ ਬੰਦ ਕੀਤਾ ਗਿਆ। ਟਰਾਂਸਪੋਰਟ ਵਿਭਾਗ ਤੋਂ ਇਲਾਵਾ ਜ਼ਿਲ੍ਹਾ ਟ੍ਰੈਫਿਕ ਪੁਲਿਸ ਵਲੋਂ ਵੀ ਵੱਖਰੇ ਤੌਰ ’ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲ ਬੱਸਾਂ ਦੇ ਚਲਾਨ ਕੀਤੇ ਗਏ।
ਸਹਾਇਕ ਟਰਾਂਸਪੋਰਟ ਅਫ਼ਸਰ ਵੱਲੋਂ ਜ਼ਿਲ੍ਹੇ ਅੰਦਰ ਪੈਂਦੇ ਸਮੂਹ ਸਕੂਲਾਂ ਦੇ ਪਿ੍ਰੰਸੀਪਲਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਨ੍ਹਾਂ ਦੇ ਸਕੂਲਾਂ ਨਾਲ ਸਬੰਧਤ ਸਕੂਲੀ ਬੱਸਾਂ ਦੇ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਜਾਵੇ ਕਿ ਉਹ ਆਪਣੀਆਂ ਸਕੂਲੀ ਬੱਸਾਂ ਦੇ ਲੋੜੀਂਦੇ ਦਸਤਾਵੇਜ਼ ਪੂਰੇ ਰੱਖਣ। ਉਨ੍ਹਾਂ ਦੱਸਿਆ ਕਿ ਚਲਾਨ ਕੀਤੀਆਂ ਬੱਸਾਂ ਵਿਚੋਂ ਕੁਝ ਸਕੂਲੀ ਬੱਸਾਂ ਸੀਟਿੰਗ ਕਪੈਸਟੀ ਤੋਂ ਵੱਧ . ਬੱਚੇ ਲੈ ਕੇ ਜਾ ਰਹੀਆਂ ਸਨ, ਜੋ ਕਿ ਸਰਾਸਰ ਕਾਨੂੰਨ (ਸੇਫ਼ ਸਕੂਲ ਵਾਹਨ ਸਕੀਮ) ਦੇ ਉਲਟ ਹੈ। ਉਨ੍ਹਾਂ ਸਮੂਹ ਸਕੂਲੀ ਡਰਾਈਵਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਬੱਸ ਚਲਾਉਣ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ, ਇਹ ਅਕਸਰ ਹਾਦਸੇ ਦਾ ਕਾਰਨ ਬਣਦਾ ਹੈ। ਇਸ ਸਬੰਧੀ ਉਨ੍ਹਾਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਤੇ ਐਲੀਮੈਂਟਰੀ) ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲੀ ਬੱਸਾਂ ਵਿਚ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਲੋੜੀਂਦੇ ਆਦੇਸ਼ ਜਾਰੀ ਕਰਨ।