
ਹੁਸ਼ਿਆਰਪੁਰ 20 ਮਾਰਚ 2024 ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਹੁਕਮਾਂ ਅਤੇ ਡੀਡੀਐਚਓ ਡਾ ਸ਼ੈਲਾ ਮਹਿਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਵਿਸ਼ਵ ਓਰਲ ਹੈਲਥ ਦਿਵਸ ਮਨਾਇਆ ਗਿਆ। ਇਸ ਸਾਲ ਦੇ ਥੀਮ “ਖੁਸ਼ ਮੂੰਹ ਹੀ ਖੁਸ਼ ਸਰੀਰ ਹੈ” ਵਿਸ਼ੇ ਤਹਿਤ ਡਾ ਬਲਵਿੰਦਰ ਕੁਮਾਰ ਡਮਾਣਾ ਵੱਲੋਂ ਦਫਤਰ ਸਿਵਲ ਸਰਜਨ ਤੋਂ ਦੰਦਾਂ ਦੀ ਸਿਹਤ ਸੰਭਾਲ ਬਾਰੇ ਜਾਗਰੂਕ ਕਰਦੇ ਦੋ ਤਰਾਂ ਦੇ ਪੋਸਟਰ ਰਿਲੀਜ਼ ਕੀਤੇ ਗਏ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ ਤੇ ਡਾ ਮਨਮੋਹਨ ਸਿੰਘ, ਡੈਂਟਲ ਸਰਜਨ ਡਾ.ਬਲਜੀਤ ਕਟਾਰੀਆ, ਡਾ.ਨਵਨੀਤ ਕੌਰ, ਡਾ.ਲਕਸ਼ਮੀਕਾਂਤ ਤੇ ਡਾ ਸਨਮ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਅਤੇ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਸ਼ਾਮਿਲ ਹੋਏ।
ਉਪਰੰਤ ਡਾ. ਬਲਜੀਤ ਕਟਾਰੀਆ ਅਤੇ ਡਾ ਲਕਸ਼ਮੀਕਾਂਤ ਵੱਲੋਂ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਅਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਦੇ ਸਹਿਯੋਗ ਨਾਲ ਬੋਧਿਕ ਤੌਰ ‘ਤੇ ਅਸਮਰੱਥ ਬੱਚਿਆਂ ਦੇ ਵਿਸ਼ੇਸ਼ ਸਕੂਲ ਜੇਐਸਐਸ ਆਸ਼ਾ ਕਿਰਨ ਵਿਖੇ ਇਹਨਾਂ ਬੱਚਿਆਂ ਲਈ ਦੰਦਾਂ ਦਾ ਵਿਸ਼ੇਸ਼ ਚੈੱਕਅਪ ਕੈਂਪ ਲਗਾਇਆ ਗਿਆ। ਪ੍ਰਿੰਸੀਪਲ ਸ੍ਰੀਮਤੀ ਸ਼ੈਲੀ ਸ਼ਰਮਾ ਦੀ ਪ੍ਰਧਾਨਗੀ ਹੇਠ ਲਗਾਏ ਇਸ ਕੈਂਪ ਦੌਰਾਨ ਸਮੂਹ ਬੋਧਿਕ ਅਸਮਰੱਥ ਬੱਚਿਆਂ ਅਤੇ ਉਨ੍ਹਾਂ ਦੇ ਟੀਚਰਾਂ ਦਾ ਦੰਦਾਂ ਦਾ ਚੈੱਕਅਪ ਕੀਤਾ ਗਿਆ ਅਤੇ ਟੀਚਰਾਂ ਨਾਲ ਬੱਚਿਆਂ ਦੇ ਦੰਦਾਂ ਦੇ ਇਲਾਜ ਕਰਵਾਉਣ ਬਾਰੇ ਅਤੇ ਦੰਦਾਂ ਦੀ ਸਿਹਤ ਸੰਭਾਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ।
ਟੀਚਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਡਾ ਬਲਜੀਤ ਕਟਾਰੀਆ ਨੇ ਦੱਸਿਆ ਕਿ ਭੋਜਨ ਨੂੰ ਚੰਗੀ ਤਰਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤਮੰਦ ਦੰਦ ਜਰੂਰੀ ਹਨ। ਇਸੇ ਤਰਾਂ ਦੰਦਾਂ ਦੇ ਮਸੂੜਿਆਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰਾਂ ਜਕੜ ਕੇ ਰੱਖ ਸਕਣ। ਉਹਨਾਂ ਕਿਹਾ ਕਿ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਣ ਮਸੂੜਿਆਂ ਵਿੱਚ ਸੋਜ਼ਸ਼ ਅਤੇ ਬਰੱਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ ਜੇਕਰ ਦੰਦਾਂ ਦੀ ਸਖਤ ਪੀਲੀ ਪਾਪੜੀ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਇਸ ਲਈ ਸਾਨੂੰ ਦੰਦਾਂ ਦੀ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।
ਡਾ. ਲਕਸ਼ਮੀਕਾਂਤ ਨੇ ਦੱਸਿਆ ਕਿ ਦੰਦਾਂ ਦੀਆਂ ਬੀਮਾਰੀਆਂ ਤੋਂ ਬਚਣ ਅਤੇ ਮਜਬੂਤ ਦੰਦਾਂ ਲਈ ਇਹਨਾਂ ਬੱਚਿਆਂ ਨੂੰ ਨਿਯਮਿਤ ਬਰੱਸ਼ ਕਰਨ ਲਈ ਪ੍ਰੇਰਿਤ ਕਰਨਾ ਬਹੁਤ ਜਰੂਰੀ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰ ਨੂੰ ਭੋਜਨ ਕਰਨ ਤੋਂ ਬਾਅਦ ਬਕਾਇਦਾ ਬਰੱਸ਼ ਕਰਨਾ ਚਾਹੀਦਾ ਹੈ ਜੋ ਦੰਦਾਂ ਉੱਤੇ ਪੇਪੜੀ ਜੰਮਣ ਤੋਂ ਰੋਕਣ ਵਿੱਚ ਸਹਾਇਕ ਹੁੰਦਾ ਹੈ। ਜੇਕਰ ਫਿਰ ਵੀ ਦੰਦਾਂ ਦੀ ਕੋਈ ਤਕਲੀਫ ਹੁੰਦੀ ਹੈ ਤਾਂ ਤੁਰੰਤ ਦੰਦਾਂ ਦੇ ਡਾਕਟਰ ਕੋਲ ਦਿਖਾਉਣਾ ਜਰੂਰੀ ਹੈ।
ਸ਼੍ਰੀਮਤੀ ਰਮਨਦੀਪ ਕੌਰ ਜਾਣਕਾਰੀ ਸਾਂਝੀ ਕੀਤੀ ਕਿ ਦੰਦਾਂ ਦੀ ਚੰਗੀ ਤਰ੍ਹਾਂ ਸਫਾਈ ਲਈ ਜਰੂਰੀ ਹੈ ਕਿ ਹਰ ਤਿੰਨ ਮਹੀਨੇ ਬਾਅਦ ਬਰੱਸ਼ ਬਦਲਿਆ ਜਾਵੇ ਅਤੇ ਨਿਯਮਿਤ ਰੂਪ ਨਾਲ ਹਰ ਛੇ ਮਹੀਨਿਆਂ ਦੇ ਵਕਫੇ ਤੇ ਆਪਣੇ ਦੰਦਾ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਲੇਕਿਨ ਸਾਲ ਵਿੱਚ ਇੱਕ ਵਾਰ ਲਾਜ਼ਮੀ ਹੈ।
ਇਸ ਮੌਕੇ ਸਿਹਤ ਵਿਭਾਗ ਵੱਲੋਂ ਬੱਚਿਆਂ ਨੂੰ ਫਲ ਵੀ ਵੰਡੇ ਗਏ। ਅੰਤ ਵਿੱਚ ਸਕੂਲ ਦੀ ਮੈਨੇਜਰ ਤੋਂ ਸੈਕਟਰੀ ਸ.ਹਰਬੰਸ ਸਿੰਘ, ਸ.ਮਲਕੀਅਤ ਸਿੰਘ, ਸ਼੍ਰੀ ਹਰੀਸ਼ ਠਾਕੁਰ, ਸ਼੍ਰੀ ਰਾਮ ਆਸਰਾ, ਸ਼੍ਰੀ ਹਰਮੇਸ਼ ਤਲਵਾੜ,ਸ਼੍ਰੀ ਬਰਿੰਦਰ ਕੁਮਾਰ ਅਤੇ ਸ਼੍ਰੀ ਪ੍ਰੇਮ ਸੈਣੀ ਵੱਲੋਂ ਸਿਹਤ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਗਿਆ।