ਕੈਬਨਿਟ ਮੰਤਰੀ ਜਿੰਪਾ ਨੇ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲਗਾਏ ਗਏ ਕੈਂਪ ਦਾ ਲਿਆ ਜਾਇਜ਼ਾ


ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਹੁਸ਼ਿਆਰਪੁਰ ਦੇ ਪਿੰਡ ਡੱਲੇਵਾਲ ਦੇ ਕਮਿਊਨਿਟੀ ਸੈਂਟਰ ਵਿਚ ਆਪ ਦੀ ਸਰਕਾਰ ਆਪ ਦੇ ਦੁਆਰ ਤਹਿਤ ਲਗਾਏ ਗਏ ਕੈਂਪ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਇਕ ਆਦਮੀ ਦੀ ਸਮੱਸਿਆ ਦੇ ਨਿਪਟਾਰੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੂਰੇ ਸੂਬੇ ਵਿਚ ਲਗਾਏ ਜਾ ਰਹੇ ਇਹ ਕੈਂਪ ਹੀ ਦੱਸਦੇ ਹਨ ਕਿ ਸਰਕਾਰ ਆਮ ਆਦਮੀ ਪ੍ਰਤੀ ਕਿੰਨੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਮ ਆਦਮੀ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਯੋਜਨਾਵਾਂ ਤਿਆਰ ਕਰ ਰਹੀ ਹੈ, ਤਾਂ ਜੋ ਜ਼ਮੀਨੀ ਪੱਧਰ ’ਤੇ ਲੋਕਾਂ ਨੂੁੰ ਸਰਕਾਰੀ ਯੋਜਨਾਵਾਂ ਦਾ ਲਾਭ ਪਹੁੰਚੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿੰਡ ਡੱਲੇਵਾਲ ਵਿਚ ਲੱਗੇ ਕੈਂਪ ਦਾ ਉਨ੍ਹਾਂ ਨੇ ਜਾਇਜ਼ਾ ਲਿਆ, ਜਿਥੇ ਲੋਕਾਂ ਵਿਚ ਕੈਂਪਾਂ ਪ੍ਰਤੀ ਕਾਫੀ ਉਤਸ਼ਾਹ ਹੈ ਅਤੇ ਉਹ ਵਧ ਚੜ੍ਹ ਕੇ ਇਨ੍ਹਾਂ ਕੈਂਪਾਂ ਵਿਚ ਆ ਕੇ ਆਪਣੀ ਸਮੱਸਿਆਵਾਂ ਦਾ ਹੱਲ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਕੈਂਪਾਂ ਵਿਚ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਬੜੇ ਹੀ ਧਿਆਨ ਨਾਲ ਸੁਣ ਕੇ ਉਨ੍ਹਾਂ ਦਾ ਯੋਗ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕਰਨ ਦੇ ਉਦੇਸ਼ ਨਾਲ 6 ਫਰਵਰੀ ਤੋਂ ਰੋਜ਼ਾਨਾ ਇਹ ਕੈਂਪ ਸ਼ੁਰੂ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਦਾ ਮੁੱਖ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਅਤੇ ਇਕ ਛੱਤ ਹੇਠਾਂ ਪੰਜਾਬ ਸਰਕਾਰ ਵੱਲੋਂ ਜਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਅਤੇ ਨਾਗਰਿਕਾਂ ਦੀਆਂ ਮੁਸ਼ਕਿਲਾਂ ਨੂੰ ਸੁਣ ਕੇ ਜਲਦ ਨਿਪਟਾਰੇ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਹੁਸ਼ਿਆਰਪੁਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਕੈਂਪ ਵੱਖ-ਵੱਖ ਸਥਾਨਾਂ ’ਤੇ ਰੋਜ਼ਾਨਾ ਲੱਗਣਗੇ ਅਤੇ ਲੋਕ ਵੱਧ ਤੋਂ ਵੱਧ ਇਨ੍ਹਾਂ ਕੈਂਪਾਂ ਦਾ ਲਾਭ ਉਠਾਉਣ। ਇਸ ਮੌਕੇ ਅਸ਼ੋਕ ਪਹਿਲਵਾਨ, ਰਾਜਨ ਸੈਣੀ, ਪ੍ਰੀਤਪਾਲ ਯਗਦੱਤ, ਹਰਵਿੰਦਰ ਕੁਮਾਰ, ਸਰਪੰਚ ਅਜੀਤ ਰਾਮ, ਚਰਨਜੀਤ, ਕ੍ਰਿਸ਼ਨਾ ਦੇਵੀ, ਸੁਭਾਸ਼ ਚੰਦ, ਰਵੀ ਕੁਮਾਰ, ਦਲਜੀਤ ਸਿੰਘ, ਅਵਤਾਰ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਪਰਜੀਤ ਸਿੰਘ, ਹਰਮੇਸ਼ ਚੰਦਰ, ਰਾਜ ਜੀ ਦਾਸ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *