
ਹੁਸ਼ਿਆਰਪੁਰ 22 ਫਰਵਰੀ 2024 ਜਿਲ੍ਹੇ ਵਿੱਚ ਟੀਕਾਕਰਨ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਵੱਲੋਂ ਬਲਾਕ ਪੋਸੀ ਅਧੀਨ ਵੱਖ ਵੱਖ ਸਿਹਤ ਕੇਂਦਰਾਂ ਵੱਲੋਂ ਕੀਤੇ ਜਾ ਰਹੇ ਟੀਕਾਕਰਨ ਸੈਸ਼ਨਾਂ ਅਤੇ ਵਿਸ਼ੇਸ਼ ਤੌਰ ਤੇ ਵੱਖ ਵੱਖ ਸਲੱਮ ਏਰੀਏ ਵਿੱਚ ਸਮੇਂ ਸਮੇਂ ਸਿਰ ਦਿੱਤੀਆਂ ਜਾਂਦੀਆਂ ਟੀਕਾਕਰਨ ਸੇਵਾਵਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਵੀਸੀਸੀਐਮ ਉਪਕਾਰ ਸਿੰਘ ਅਤੇ ਬੀਈਈ ਰੋਹਿਤ ਸ਼ਰਮਾ ਮੌਜੂਦ ਰਹੇ।
ਡਾ. ਸੀਮਾ ਗਰਗ ਨੇ ਸਭ ਤੋਂ ਪਹਿਲਾਂ ਹੈਲਥ ਐਂਡ ਵੈਲਨੈਸ ਸੈਂਟਰ ਬਿਹਰਾਂ ਵੱਲੋਂ ਆਂਗਣਵਾੜੀ ਸੈਂਟਰ ਪੱਖੋਵਾਲ ਵਿਖੇ ਕੀਤੇ ਜਾ ਰਹੇ ਹਨ ਟੀਕਾਕਰਨ ਸੈਸ਼ਨ ਦਾ ਜਾਇਜ਼ਾ ਲਿਆ। ਉਹਨਾਂ ਸੈਸ਼ਨ ਦੌਰਾਨ ਮੌਜੂਦ ਲਾਭਪਾਤਰੀਆਂ ਭਾਵ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੇ ਐਮਸੀਪੀ ਕਾਰਡ ਦੇਖੇ। ਏਐਨਐਮ ਵੱਲੋਂ ਕਾਰਡ ਵਧੀਆ ਤਰੀਕੇ ਨਾਲ ਭਰੇ ਹੋਏ ਸਨ ਅਤੇ ਲਾਭਪਾਤਰੀਆਂ ਨੂੰ ਟੀਕਾਕਰਨ ਉਪਰੰਤ ਦਿੱਤੇ ਜਾਣ ਵਾਲੇ ਸੰਦੇਸ਼ ਵੀ ਬੜੇ ਹੀ ਸੁਚੱਜੇ ਢੰਗ ਨਾਲ ਦਿੱਤੇ ਜਾ ਰਹੇ ਸਨ।
ਡਾ. ਗਰਗ ਵੱਲੋਂ ਹੈਲਥ ਐਂਡ ਵੈਲਨੈਸ ਸੈਂਟਰ ਭਾਰੋਵਾਲ ਅਤੇ ਸਤਨੋਰ ਦੇ ਵੱਖ ਵੱਖ ਸਲੱਮ ਏਰੀਏ ਵਿੱਚ ਜਾ ਕੇ ਖੁਦ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲਾਭਪਾਤਰੀਆਂ ਨੂੰ ਜਾਗਰੂਕ ਕਰਦਿਆਂ ਉਨਾਂ ਨੂੰ ਐਮਸੀਪੀ ਕਾਰਡ ਹਮੇਸ਼ਾਂ ਨਾਲ ਰੱਖਣ ਅਤੇ ਟੀਕਾਕਰਨ ਸਮੇਂ ਨਾਲ ਲੈ ਕੇ ਆਉਣ ਲਈ ਪ੍ਰੋਤਸਾਹਿਤ ਕੀਤਾ ਤਾਂ ਜੋ ਕਿਸੇ ਵੀ ਬੱਚੇ ਦਾ ਕੋਈ ਵੀ ਟੀਕਾ ਨਾ ਛੁੱਟੇ।
ਡਾ.ਸੀਮਾ ਗਰਗ ਵੱਲੋਂ ਉਕਤ ਥਾਂਵਾਂ ਦੀ ਚੈਕਿੰਗ ਕਰਦਿਆਂ ਮੌਜੂਦ ਸਟਾਫ ਨੂੰ ਹਦਾਇਤ ਕੀਤੀ ਕਿ ਕੋਈ ਵੀ ਬੱਚਾ ਕਿਸੇ ਵੀ ਕਾਰਣ ਕਰਕੇ ਕਿਸੇ ਵੀ ਟੀਕੇ ਤੋਂ ਵਾਂਝਾ ਨਾ ਰਹੇ, ਹਰੇਕ ਬੱਚੇ ਨੂੰ ਕਵਰ ਕੀਤਾ ਜਾਵੇ। ਟੀ.ਡੀ. ਅਤੇ ਐਮਆਰ ਦਾ ਟੀਕਾਕਰਨ 100 ਫੀਸਦੀ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਏਐਨਐਮ ਅਤੇ ਆਸ਼ਾ ਵਰਕਰਾਂ ਨੂੰ ਨਵਜੰਮੇ ਬੱਚਿਆਂ ਦੇ ਸਮੇਂ ਸਿਰ ਐਚ.ਵੀ.ਵਾਈ.ਸੀ ਅਤੇ ਐਚ.ਵੀ.ਐਨ.ਸੀ ਵਿਜ਼ਿਟਾਂ ਕਰਨ ਦੀਆਂ ਜਰੂਰੀ ਹਦਾਇਤਾਂ ਕੀਤੀਆਂ। ਉਨ੍ਹਾਂ ਸਟਾਫ ਨੂੰ ਸਕੂਲਾਂ ਵਿੱਚ ਜਾ ਕੇ ਕੋਵਿਡ ਵੈਕਸੀਨੇਸ਼ਨ ਕਰਨ ਅਤੇ ਕੌਮੀ ਪਲਸ ਪੋਲੀਓ ਰਾਊਂਡ ਦੀਆਂ ਤਿਆਰੀਆਂ ਵੀ ਕਰਨ ਬਾਰੇ ਕਿਹਾ। ਡਾ. ਗਰਗ ਵੱਲੋਂ ਪੋਸੀ ਦੇ ਸਟਾਫ ਦਾ ਸਾਰਾ ਕੰਮ ਪੂਰਾ ਹੋਣ ਦੀ ਸ਼ਲਾਘਾ ਕੀਤੀ ਗਈ ਅਤੇ ਇਸਨੂੰ ਇਸੇ ਤਰ੍ਹਾਂ ਬਰਕਰਾਰ ਰੱਖਣ ਲਈ ਕਿਹਾ।