ਸ਼੍ਰੋਮਣੀ ਕਮੇਟੀ ਚੋਣਾਂ ਲਈ ਮਤਦਾਤਾ ਬਣਨ ਲਈ ਫ਼ਾਰਮ ਦੇ ਨਾਲ ਪਛਾਣ ਦਸਤਾਵੇਜ਼ ਲਾਉਣਾ ਲਾਜ਼ਮੀ : ਕੋਮਲ ਮਿੱਤਲ 

        ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ 21 ਅਕਤੂਬਰ, 2023 ਤੋਂ ਸ਼ੁਰੂ ਹੋ ਗਿਆ ਹੈ, ਜਿਸ ਤਹਿਤ 15 ਨਵੰਬਰ 2023 ਤੱਕ ਦਾਅਵੇ ਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ।

    ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਕਮਿਸ਼ਨਰ ਗੁਰਦੁਆਰਾ ਚੋਣਾਂ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਬਣਾਉਣ ਸਬੰਧੀ ਫਾਰਮ 3(1) (ਸਮੇਤ ਸਵੈ-ਘੋਸ਼ਣਾ) ਨਾਲ 12 ਕਿਸਮ ਦੇ ਦਸਤਾਵੇਜ਼ਾਂ ਵਿਚੋਂ ਕੋਈ ਇਕ ਦਸਤਾਵੇਜ਼ ਪਛਾਣ ਲਈ ਤੇ ਇਕ ਸਵੈ-ਤਸਦੀਕੀ ਤਾਜ਼ਾ ਰੰਗਦਾਰ ਫ਼ੋਟੋ ਲਗਾਉਣੀ ਜ਼ਰੂਰੀ ਹੈ।

    ਕਮਿਸ਼ਨਰ ਗੁਰੂਦੁਆਰਾ ਚੋਣਾਂ ਵੱਲੋਂ ਪ੍ਰਵਾਨਿਤ ਅਧਿਕਾਰਿਤ ਪਛਾਣ ਦਸਤਾਵੇਜ਼ਾਂ ‘ਚ ਆਧਾਰ ਕਾਰਡ, ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਵੋਟਰ ਫ਼ੋਟੋ ਪਛਾਣ ਪੱਤਰ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੰਸ, ਕੇਂਦਰ/ਰਾਜ ਸਰਕਾਰ/ਪੀ.ਐਸ.ਯੂ/ਪਬਲਿਕ ਲਿਮਟਿਡ ਦੁਆਰਾ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਫ਼ੋਟੋ ਵਾਲੇ ਸੇਵਾ ਪਛਾਣ ਪੱਤਰ, ਬੈਂਕ/ਡਾਕਘਰ ਦੁਆਰਾ ਜਾਰੀ ਕੀਤੀਆਂ ਗਈਆਂ ਫ਼ੋਟੋਆਂ ਵਾਲੀਆਂ ਪਾਸਬੁੱਕਾਂ, ਪੈਨ ਕਾਰਡ, ਆਰ. ਜੀ. ਆਈ ਤਹਿਤ ਐਨ. ਪੀ. ਆਰ ਦੁਆਰਾ ਜਾਰੀ ਸਮਾਰਟ ਕਾਰਡ, ਮਨਰੇਗਾ ਜੌਬ ਕਾਰਡ, ਕਿਰਤ ਮੰਤਰਾਲੇ ਦੀ ਸਕੀਮ ਅਧੀਨ ਜਾਰੀ ਕੀਤੇ ਗਏ ਸਿਹਤ ਬੀਮਾ ਸਮਾਰਟ ਕਾਰਡ, ਫੋਟੋ ਸਮੇਤ ਸਰਕਾਰੀ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ/ਵਿਧਾਇਕਾਂ/ਐਮ.ਐਲ.ਸੀ ਨੂੰ ਜਾਰੀ ਕੀਤਾ ਗਿਆ ਅਧਿਕਾਰਿਤ ਪਛਾਣ ਪੱਤਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਬਿਨੇਕਾਰ ਦੀ ਉਮਰ 21.10. 2023 ਨੂੰ 21 ਸਾਲ ਜਾਂ ਉਸ ਤੋਂ ਵੱਧ ਹੋਣੀ ਚਾਹੀਦੀ ਹੈ।

    ਉਨ੍ਹਾਂ ਨੇ ਜ਼ਿਲ੍ਹੇ ‘ਚ ਇਸ ਸਬੰਧੀ ਲਗਾਏ ਰਿਵਾਈਜਿੰਗ ਅਥਾਰਟੀ ਅਫਸਰਾਂ (ਐਸ. ਡੀ. ਐਮਜ਼) ਨੂੰ ਇਸ ਸਬੰਧੀ ਕਮਿਸ਼ਨਰ ਗੁਰਦੁਆਰਾ ਚੋਣਾਂ ਦੀਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਉਨ੍ਹਾਂ ਮਤਦਾਤਾ ਬਣਨ ਦੇ ਚਾਹਵਾਨ ਲੋਕਾਂ ਨੂੰ ਵੀ 15 ਨਵੰਬਰ ਤੱਕ ਆਪਣੇ ਫ਼ਾਰਮ ਉਕਤ ਪਛਾਣ ਪੱਤਰਾਂ ਦੇ ਨਾਲ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *