ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਦੀ ਦਿਸ਼ਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਖਤ ਮਿਹਨਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਵਿਚ ਪੀਣ ਵਾਲੇ ਪਾਣੀ ਦੀ ਉਪਲਬੱਧਤਾ, ਸੜਕਾਂ ਦੇ ਨਿਰਮਾਣ, ਛੱਪੜਾਂ ਦੇ ਨਵੀਨੀਕਰਨ ਕਰਨ ਤੋਂ ਇਲਾਵਾ ਲੋਕਾਂ ਤੱਕ ਹੋਰ ਬੁਨਿਆਦੀ ਸੁਵਿਧਾਵਾਂ ਪਹੁੰਚਾਣ ਦਾ ਯਤਨ ਪੂਰੇ ਪੰਜਾਬ ਵਿਚ ਦਿਸ ਰਿਹਾ ਹੈ। ਉਹ ਪਿੰਡ ਬੱਸੀ ਗੁਲਾਮ ਹੁਸੈਨ ਵਿਚ ਕਰੀਬ 15 ਲੱਖ ਰੁਪਏ ਦੀ ਲਾਗਤ ਨਾਲ ਬਣੀ ਸੜਕ ਦੇ ਉਦਘਾਟਨ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਇਸ ਦੌਰਾਨ ਪਿੰਡ ਛੱਪੜ ਦੇ ਨਵੀਨੀਕਰਨ ਦੇ ਕੰਮ ਦਾ ਵੀ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੀ ਪੰਚਾਇਤ ਦੀ ਮੰਗ ’ਤੇ ਛੱਪੜ ਦੇ ਨਵੀਨੀਕਰਨ ਦੇ ਕੰਮ ਨੂੰ ਪੂਰਾ ਕਰਵਾਇਆ ਜਾ ਰਿਹਾ ਹੈ, ਜਿਸ ਨਾਲ ਜਿਥੇ ਗੰਦੇ ਪਾਣੀ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਇਲਾਕੇ ਦੀ ਨੁਹਾਰ ਵੀ ਬਦਲੇਗੀ। ਉਨ੍ਹਾਂ ਕਿਹਾ ਕਿ ਛੱਪੜ ਦੇ ਆਸ-ਪਾਸ ਟਰੈਕ ਬਣਾ ਕੇ ਉਸ ਨੂੰ ਸੈਰਗਾਹ ਵਜੋਂ ਵਿਕਸਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਵਿਚ ਥਾਪਰ ਤੇ ਸੀਚੇਂਵਾਲ ਮਾਡਲ ਦੇ ਆਧਾਰ ’ਤੇ ਛੱਪੜ ਨੂੰ ਵਿਕਸਿਤ ਕੀਤਾ ਜਾ ਰਿਹਾ ਹੈ, ਤਾਂ ਜੋ ਇਸ ਛੱਪੜ ਦਾ ਟਰੀਟਡ ਪਾਣੀ ਸਿੰਚਾਈ ਆਦਿ ਕੰਮਾਂ ਲਈ ਵਰਤਿਆ ਜਾ ਸਕੇ।
ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਪੰਜਾਬ ਲੰਬੇ ਸਮੇਂ ਤੋਂ ਬਾਅਦ ਆਪਣੇ ਪੈਰਾਂ ’ਤੇ ਆਇਆ ਹੈ, ਕਿਉਂਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਮੀਨੀ ਪੱਧਰ ’ਤੇ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਵਿਕਾਸ ਤੇ ਲੋਕਾਂ ਦੀਆਂ ਸੁਵਿਧਾਵਾਂ ’ਤੇ ਬਿਲਕੁਲ ਧਿਆਨ ਨਹੀਂ ਦਿੱਤਾ ਸੀ। ਇਸ ਮੌਕੇ ਪਿੰਡ ਦੇ ਸਰਪੰਚ ਨਰਵੀਰ ਨੰਦੀ, ਐਡਵੋਕੇਟ ਅਮਰਜੋਤ ਸੈਣੀ ਤੋਂ ਇਲਾਵਾ ਪੰਚਾਇਤ ਮੈਂਬਰ ਵੀ ਮੌਜੂਦ ਸਨ।