ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ/ਖੋਜਾਂ/ਕਾਢਾਂ ਨੂੰ ਉਤਸ਼ਾਹਿਤ ਕਰਨ ਲਈ ਬਿਨੈਪੱਤਰਾਂ ਦੀ ਮੰਗ

            ਪੰਜਾਬ ਸਰਕਾਰ ਵਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਹੁਨਰ ਅਤੇ ਨਵੀਨਤਮ ਖੋਜਾਂ/ਕਾਢਾਂ ਨੂੰ ਹੁਲਾਰਾ ਦੇਣ ਲਈ ਪਲੇਟਫਾਰਮ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਪਹਿਲ ਕਰਦਿਆਂ ਕਾਰੀਗਰਾਂ,ਕਿਸਾਨਾਂ,ਵਿਦਿਆਰਥੀਆਂ,ਉੱਦਮੀਆਂ,ਘਰੇਲੂ ਔਰਤਾਂ ਕੋਲੋਂ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ। ਬਿਨੈਕਾਰ https://forms.gle.WttkiLmEVmnFrKNx6  ’ਤੇ ਫਾਰਮ ਭਰ ਸਕਦੇ ਹਨ। 
 
            ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ (ਗਰਾਸ ਰੂਟ ਇਨੋਵੇਟਰਸ ਆਫ ਪੰਜਾਬ )“ਗਰਿੱਪ” ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ,ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਅਤੇ ਨੈਸ਼ਨਲ ਇੰਨੌਵੇਸ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਜ਼ਮੀਨੀ ਪੱਧਰ ਤੇ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ/ਕਾਢਾਂ/ਕੰਮ ਕਰਨ ਦੀਆਂ ਨਵੀਨਤਮ ਵਿਧੀਆਂ ਨੂੰ ਪ੍ਰਫੁੱਲਤ ਕੀਤਾ ਜਾਣਾ ਹੈ। 
 
            ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸੂਬੇ ਵਿਚ ਕਾਰੀਗਰ,ਕਿਸਾਨ,ਵਿਦਿਆਰਥੀ,ਉੱਦਮੀ ਅਤੇ ਘਰੇਲੂ ਕੰਮਕਾਜੀ ਔਰਤਾਂ 5 ਮਾਰਚ 2023 ਤੱਕ ਅਪਲਾਈ ਕਰ ਸਕਦੀਆਂ ਹਨ। ਇਸ ਤਹਿਤ ਯੋਗ ਅਤੇ ਢੁਕਵਾਂ ਪਾਏ ਜਾਣ ’ਤੇ ਉਨ੍ਹਾਂ ਦੀ ਖੋਜ/ਕਾਢ/ਵਿਧੀ ਨੂੰ ਜਿੱਥੇ ਬੌਧਿਕ ਸੰਪਦਾ (ਇੰਟੂਲੈਕਚੁਅਲ ਪ੍ਰੋਪਾਰਟੀ ਰਾਈਟ) ਅਧਿਕਾਰ ਤਹਿਤ ਸੁਰੱਖਿਅਤ ਕੀਤਾ ਜਾਵੇਗਾ,ਉਥੇ ਹੀ ਰਾਜ ਅਤੇ ਰਾਸ਼ਟਰੀ ਪੱਧਰ ਤੇ ਮਾਨਤਾ ਵੀ ਮਿਲੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਬਿਨੈਕਾਰ ਆਪਣੀ ਖੋਜ/ਕਾਢ/ਵਿਧੀ ਦੀ ਪ੍ਰਮਾਣਿਕਤਾ ਅਤੇ ਦਾਇਰਾ ਵਧਾਉਣ ਲਈ ਵੱਖ-ਵੱਖ ਸੰਸਥਾਵਾਂ ਨਾਲ ਸਮਝੌਤਾ ਕਰਨ ਦੇ ਯੋਗ ਵੀ ਹੋ ਸਕਣਗੇ। 
 
            ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਵਿਚ ਹੁਨਰ ਵਿਕਾਸ ਲਈ ਇਸ ਯੋਜਨਾ ਨੂੰ ਵੱਡਾ ਕਦਮ ਕਰਾਰ ਦਿੰਦਿਆਂ ਕਿਸਾਨਾਂ,ਵਿਦਿਆਰਥੀਆਂ ਅਤੇ ਔਰਤਾਂ ਨੂੰ ਸੱਦਾ ਦਿੱਤਾ ਕਿ ਉਹ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ ਬਿਨੈ-ਪੱਤਰ ਭੇਜਣ। ਵਧੇਰੇ ਜਾਣਕਾਰੀ ਲਈ www.pscst.punjab.gov.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *