
ਹੁਸ਼ਿਆਰਪੁਰ, 16 ਦਸੰਬਰ : (ਸਤੀਸ਼ ਸ਼ਰਮਾ) ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਜ਼ਿਲ੍ਹਾ ਭਾਸ਼ਾ ਦਫ਼ਤਰ, ਹੁਸ਼ਿਆਰਪੁਰ ਵਿਖੇ 01 ਜਨਵਰੀ 2026 ਤੋਂ ਉਰਦੂ ਆਮੋਜ਼ ਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ । ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਖੋਜ ਅਫ਼ਸਰ ਡਾ. ਜਸਵੰਤ ਰਾਏ ਨੇ ਦੱਸਿਆ ਕਿ ਉਰਦੂ ਬਹੁਤ ਪਿਆਰੀ ਜ਼ੁਬਾਨ ਹੈ। ਪੰਜਾਬੀ ਭਾਸ਼ਾ ਤੇ ਸਾਹਿਤ ਬਾਰੇ ਵਿਸਥਾਰ ਨਾਲ ਗਿਆਨ ਹਾਸਲ ਕਰਨ ਲਈ ਉਰਦੂ ਭਾਸ਼ਾ ਸਿੱਖਣੀ ਬਹੁਤ ਜ਼ਰੂਰੀ ਹੈ। ਭਾਵੇਂ ਪੱਛਮੀ ਪੰਜਾਬ ਵਿੱਚ ਸਾਰਾ ਪੰਜਾਬੀ ਸਾਹਿਤ ਸ਼ਾਹਮੁਖੀ ਲਿਪੀ ਵਿੱਚ ਰਚਿਆ ਜਾ ਰਿਹਾ ਹੈ, ਪਰ ਉੱਥੇ ਵਿਦਿਆਰਥੀਆਂ ਨੂੰ ਨਾਲ ਦੀ ਨਾਲ ਗੁਰਮੁਖੀ ਲਿਪੀ ਦਾ ਵੀ ਗਿਆਨ ਦਿੱਤਾ ਜਾ ਰਿਹਾ ਹੈ। ਸਾਹਿਤ ਦੇ ਅਦਾਨ-ਪ੍ਰਦਾਨ ਲਈ ਇਨ੍ਹਾਂ ਦੋਹਾਂ ਲਿਪੀਆਂ ਦੀ ਜਾਣਕਾਰੀ ਹੋਣੀ ਬਹੁਤ ਲੋੜੀਂਦੀ ਹੈ। ਭਾਸ਼ਾ ਵਿਭਾਗ ਦਫ਼ਤਰ ਵਿਖੇ ਉਰਦੂ ਜ਼ੁਬਾਨ ਦੀ ਸਿਖਲਾਈ ਲਈ ਬਹੁਤ ਹੀ ਕਾਬਲ ਪੀ.ਐਚ.ਡੀ ਉਰਦੂ ਅਧਿਆਪਕ ਹਨ। ਇਸ ਛੇ ਮਹੀਨੇ ਦੇ ਪੂਰੇ ਕੋਰਸ ਦੀ ਫੀਸ ਕੇਵਲ 500 ਰੁਪਏ ਹੈ। ਇਸ ਕੋਰਸ ਦੇ ਪੂਰਾ ਹੋਣ ਉਪਰੰਤ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਸ ਦਾ ਪੇਪਰ ਲਿਆ ਜਾਂਦਾ ਹੈ ਅਤੇ ਪਾਸ ਹੋਣ ਵਾਲੇ ਸਿਖਿਆਰਥੀਆਂ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ। ਇਸ ਕੋਰਸ ਵਿਚ ਕਿਸੇ ਵੀ ਉਮਰ ਵਰਗ ਦੇ ਸਿਖਿਆਰਥੀ ਦਾਖ਼ਲਾ ਲੈ ਸਕਦੇ ਹਨ। ਇਸ ਲਈ ਪੰਜਾਬੀ ਭਾਸ਼ਾ ਦੇ ਸੰਪੂਰਨ ਵਿਕਾਸ ਲਈ ਛੇਤੀ ਤੋਂ ਛੇਤੀ ਉਰਦੂ ਕਲਾਸਾਂ ਵਿਚ ਦਾਖ਼ਲੇ ਲਈ ਮੋਬਾਇਲ ਨੰਬਰ 86997-63199 ਅਤੇ 86997-87199 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਰਦੂ ਆਮੋਜ਼ ਦੀ ਸਿਖਲਾਈ ਅਤੇ ਫਾਰਮ ਭਰਨ ਦੀ ਆਖ਼ਰੀ ਮਿਤੀ 31 ਦਸੰਬਰ 2025 ਹੈ। ਇਸ ਮਿਤੀ ਤੱਕ ਉਰਦੂ ਆਮੋਜ਼ ਸਿੱਖਣ ਵਾਲੇ ਵਿਦਿਆਰਥੀ ਆਪਣਾ ਦਾਖ਼ਲਾ ਫਾਰਮ ਭਰ ਕੇ ਜ਼ਿਲ੍ਹਾ ਭਾਸ਼ਾ ਦਫ਼ਤਰ, ਮਿੰਨੀ ਸਕੱਤਰੇਤ ਹੁਸ਼ਿਆਰਪੁਰ ਕਮਰਾ ਨੰਬਰ 307-308 ਵਿੱਚ ਜਮ੍ਹਾ ਕਰਵਾ ਸਕਦੇ ਹਨ।