ਚੱਬੇਵਾਲ ਹਲਕੇ ਦੇ 70 ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 2.50 ਕਰੋੜ ਜਾਰੀ – ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ


ਹੁਸ਼ਿਆਰਪੁਰ/ਚੱਬੇਵਾਲ, 21 ਨਵੰਬਰ :  (ਸਤੀਸ਼ ਸ਼ਰਮਾ) ਵਿਧਾਨ ਸਭਾ ਹਲਕਾ ਚੱਬੇਵਾਲ ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਮੇਰੀ ਤਰਜ਼ੀਹ ਹੈ ਅਤੇ ਇਸੇ ਤਹਿਤ ਨਿਸ਼ਾਨੇ ਨੂੰ ਧਿਆਨ ਵਿਚ ਰੱਖਦੇ ਹੋਏ ਹਲਕੇ ਦੇ ਹਰੇਕ ਪਿੰਡ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਚੱਬੇਵਾਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਵੱਲੋਂ ਹਲਕੇ ਵਿੱਚ ਪੈਂਦੇ ਪਿੰਡਾਂ ਦੀਆਂ ਪੰਚਾਇਤਾਂ ਨੂੰ 2.50 ਕਰੋੜ ਰੁਪਏ ਦੇ ਚੈੱਕ ਵੰਡਣ ਸਮੇਂ ਕੀਤਾ ਗਿਆ। ਪੰਚਾਇਤਾਂ ਨੂੰ ਵੰਡੇ ਗਏ ਇਸ ਪੈਸੇ ਨਾਲ ਸਟਰੀਟ ਲਾਈਟਾਂ, ਧਰਮਸ਼ਾਲਾ,  ਗਲੀਆਂ, ਪੰਚਾਇਤ ਘਰਾਂ,  ਕਮਿਊਨਿਟੀ ਹਾਲ, ਸੀਵਰੇਜ ਸਿਸਟਮ ਦੇ ਕੰਮ ਕਰਵਾਏ ਜਾਣਗੇ। ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਦੱਸਿਆ ਕਿ ਚੱਬੇਵਾਲ ਹਲਕੇ ਅੰਦਰ ਪੈਂਦੇ ਹੁਸ਼ਿਆਰਪੁਰ ਬਲਾਕ-2 ਦੇ 27 ਪਿੰਡਾਂ ਨੂੰ ਇਕ ਕਰੋੜ ਅਤੇ ਹਲਕੇ ਅੰਦਰ ਪੈਂਦੇ ਬਲਾਕ ਮਾਹਿਲਪੁਰ ਦੇ 43 ਪਿੰਡਾਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਗਏ ਹਨ। ਇਸ ਮੌਕੇ ਵਿਧਾਇਕ ਨੇ ਪੰਚਾਇਤ ਮੈਂਬਰਾਂ ਤੇ ਸਰਪੰਚਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਗ੍ਰਾਂਟਾਂ ਦੇ ਪੈਸੇ ਨੂੰ ਬਿਨਾਂ ਕਿਸੇ ਪੱਖਪਾਤ ਦੇ ਖ਼ਰਚ ਕਰਦੇ ਹੋਏ ਮਿਆਰੀ ਪੱਧਰ ਦੇ ਵਿਕਾਸ ਕਾਰਜ ਕਰਵਾਏ ਜਾਣ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਵੀ ਯਾਦ ਰੱਖਿਆ ਜਾਵੇਸ਼। ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਹਲਕੇ ਦੇ ਲੋਕ ਵੋਟ ਪਾ ਕੇ ਵਿਧਾਇਕ ਚੁਣਦੇ ਹਨ, ਇਸੇ ਤਰ੍ਹਾਂ ਪਿੰਡਾਂ ਦੇ ਲੋਕ ਪੰਚਾਇਤਾਂ ਦੀ ਚੋਣ ਕਰਦੇ ਹਨ। ਵਿਧਾਇਕ ਦਾ ਕੰਮ ਪੰਜਾਬ ਸਰਕਾਰ ਤੋਂ ਵੱਖ-ਵੱਖ ਸਕੀਮਾਂ ਦੇ ਪੈਸੇ ਲੈ ਕੇ ਆਉਣਾ ਤੇ ਆਪਣੀਆਂ ਪੰਚਾਇਤਾਂ ਦੇ ਸਪੁਰਦ ਕਰਨਾ ਹੈ ਅਤੇ ਅੱਗੇ ਪੰਚਾਇਤਾਂ ਦਾ ਕੰਮ ਇਨਮਾਦਾਰੀ ਤੇ ਬਿਨਾਂ ਕਿਸੇ ਨਾਲ ਪੱਖਪਾਤ ਕਰਦਿਆਂ ਇਸ ਪੈਸੇ ਦੀ ਵਰਤੋਂ ਕਰਨਾ ਹੈ, ਉਨ੍ਹਾਂ ਕਿਹਾ ਕਿ ਸੇਵਾ ਦੇ ਇਸ ਚੱਲ ਰਹੇ ਚੱਕਰ ਵਿੱਚ ਸਭ ਦੀਆਂ ਜ਼ਿੰਮੇਵਾਰੀਆਂ ਤੈਅ ਹਨ। ਇਸ ਲਈ ਸਭ ਨੂੰ ਆਪਣਾ-ਆਪਣਾ ਰੋਲ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਤਾਂ ਹੀ ਹਲਕੇ ਦੇ ਵਿਕਾਸ ਨੂੰ ਅਸੀਂ ਉਚਾਈਆਂ ਤੱਕ ਲੈ ਕੇ ਜਾ ਸਕਾਂਗੇ। ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਖਜ਼ਾਨੇ ਦਾ ਮੂੰਹ ਪੰਜਾਬ ਦੇ ਵਿਕਾਸ ਲਈ ਖੋਲ੍ਹ ਰੱਖਿਆ ਹੈ ਅਤੇ ਹੁਣ ਆਉਣ ਵਾਲੇ ਸਮੇਂ ਦੌਰਾਨ ਹੋਰ ਵੱਡੇ ਕੰਮਾਂ ਲਈ ਗ੍ਰਾਂਟਾਂ ਦਿੱਤੀਆਂ ਜਾਣਗੀਆਂ। ਵਿਧਾਇਕ ਚੱਬੇਵਾਲ ਨੇ ਕਿਹਾ ਕਿ ਹਲਕੇ ਅੰਦਰ ਹੋਣ ਵਾਲੇ ਹੋਰ ਕਾਰਜਾਂ ਦੀ ਰਿਪੋਰਟ ਬਣਾਈ ਜਾ ਰਹੀ ਹੈ ਅਤੇ ਜਲਦ ਹੀ ਰਹਿ ਚੁੱਕੇ ਕੰਮ ਵੀ ਸ਼ੁਰੂ ਕਰਵਾ ਦਿੱਤੇ ਜਾਣਗੇ।

Leave a Reply

Your email address will not be published. Required fields are marked *