
ਹੁਸ਼ਿਆਰਪੁਰ। ਫਿੱਟ ਬਾਈਕਰ ਕਲੱਬ ਵੱਲੋਂ ‘ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2024 ਜੋ ਕਿ 7 ਅਪ੍ਰੈਲ ਨੂੰ ਵਰਲਡ ਹੈਲਥ ਡੇ ਮੈਕੇ ਉੱਪਰ ਕਰਵਾਈ ਜਾ ਰਹੀ ਹੈ ਪ੍ਰਤੀ ਅੱਜ ਕਲੱਬ ਮੈਂਬਰਾਂ ਵੱਲੋਂ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਗਈ ਤੇ ਇਸ ਦੌਰਾਨ ਐੱਸ.ਐੱਸ.ਪੀ.ਵੱਲੋਂ ਸਾਈਕਲੋਥਾਨ ਦੀ ਜਰਸੀ ਨੂੰ ਰਿਲੀਜ ਕਰਨ ਦੀ ਰਸਮ ਅਦਾ ਕੀਤੀ ਗਈ ਤੇ ਨਾਲ ਹੀ ਕਲੱਬ ਮੈਂਬਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਦੀ ਸਫਲਤਾ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਐੱਸ.ਐੱਸ.ਪੀ. ਲਾਂਬਾ ਵੱਲੋਂ ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਉੱਦਮਾਂ ਦੀ ਪ੍ਰਸ਼ੰਸ਼ਾ ਕੀਤੀ ਗਈ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਦਾ ਥੀਮ ‘ ਪੰਜਾਬ ਅਗੇਂਟਸ ਡਰੱਗ ’ ਤੇ ‘ ਆਈ ਵਿੱਲ ਵੋਟ ’ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਸਾਈਕਲੋਥਾਨ ਦੀ ਸ਼ੁਰੂਆਤ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਤੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਤੇ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਵੱਲੋਂ ਸਾਂਝੇ ਤੌਰ ’ਤੇ ਫਲੈਗ ਆਫ ਕਰਕੇ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਤਿਆਰੀਆਂ ਦੀ ਰਸਮੀ ਸ਼ੁਰੂਆਤ ਕਰਦੇ ਹੋਏ ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਸਾਈਕਲੋਥਾਨ ਲਈ ਰਜਿਸਟ੍ਰੇਸ਼ਨ ਦੀ ਆਨਲਾਈਨ ਸ਼ੁਰੂਆਤ ਕਰਵਾਈ ਗਈ ਸੀ। ਪਰਮਜੀਤ ਸਿੰਘ ਸੱਚਦੇਵਾ ਨੇ ਦੱਸਿਆ ਕਿ ਪਿਛਲੇ ਸਾਲ ਕਰਵਾਈ ਗਈ ਸਾਈਕਲੋਥਾਨ ਦੀ ਕਾਮਯਾਬੀ ਉਪਰੰਤ ਇਸ ਵਾਰ ਸਾਈਕਲਿਸਟਾਂ ਦੀ ਮੰਗ ਮੁਤਾਬਿਕ 100 ਕਿਲੋਮੀਟਰ ਦੇ ਨਾਲ 200 ਕਿਲੋਮੀਟਰ ਦੀ ਦੂਰੀ ਵੀ ਰੱਖੀ ਗਈ ਹੈ ਤੇ ਸਾਈਕਲਿਸਟ ਆਪਣੀ ਪਸੰਦ ਮੁਤਾਬਿਕ ਕਿਸੇ ਵੀ ਈਵੇਂਟ ਦਾ ਹਿੱਸਾ ਬਣ ਸਕਦੇ ਹਨ। ਉਨ੍ਹਾਂ ਦੱਸਿਆ ਕਿ 100 ਕਿਲੋਮੀਟਰ ਵਿੱਚ ਸਾਈਕਲੋਥਾਨ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਤੋਂ ਸ਼ੁਰੂ ਹੋਵੇਗੀ ਜੋ ਕਿ ਸਮੁੰਦੜਾ ਤੋਂ ਵਾਪਿਸ ਸੱਚਦੇਵਾ ਸਟਾਕਸ ਦੇ ਮੁੱਖ ਦਫਤਰ ਵਿੱਚ ਆ ਕੇ ਖਤਮ ਹੋਵੇਗੀ, ਇਸੇ ਤਰ੍ਹਾਂ 200 ਕਿਲੋਮੀਟਰ ਵਿੱਚ ਸੱਚਦੇਵਾ ਸਟਾਕਸ ਤੋਂ ਸ਼ੁਰੂ ਹੋ ਕੇ ਖਰੜ ਹਵੇਲੀ ਤੱਕ ਦਾ ਸਫਰ ਤੈਅ ਕਰਦੇ ਹੋਏ ਵਾਪਿਸ ਸੱਚਦੇਵਾ ਸਟਾਕਸ ਦੇ ਦਫਤਰ ਪੁੱਜਿਆ ਜਾਵੇਗਾ, ਇਸ ਦੌਰਾਨ ਭਾਗ ਲੈਣ ਵਾਲਿਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਸੁੰਮਦੜਾ, ਹਵੇਲੀ , ਗੜ੍ਹਸ਼ੰਕਰ ਤੇ ਮਾਹਿਲਪੁਰ ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ 300 ਤੋਂ ਵੱਧ ਸਾਈਕਲਿਸਟਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ ਫਿੱਟ ਬਾਈਕਰ ਕਲੱਬ ਨੂੰ ਸੈਂਚੁਰੀ ਪਲਾਈਵੁੱਡ ਵੱਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ ਤੇ ਅੱਜ ਵੀ ਸੈਚੁਰੀ ਪਲਾਈਵੁੱਡ ਤੋਂ ਬੀ.ਐੱਸ.ਜਸਵਾਲ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਪਰਮਜੀਤ ਸੱਚਦੇਵਾ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੀ ਫੀਸ 500 ਰੁਪਏ ਰੱਖੀ ਗਈ ਹੈ ਜੋ ਸਾਈਕਲੋਥਾਨ ਖਤਮ ਹੋਣ ਉਪਰੰਤ ਸਾਈਕਲਿਸਟ ਨੂੰ ਵਾਪਿਸ ਕਰ ਦਿੱਤੀ ਜਾਵੇਗੀ ਤੇ ਭਾਗ ਲੈਣ ਵਾਲੇ ਸਾਈਕਲਿਸਟਾਂ ਨੂੰ ਟੀ-ਸ਼ਰਟ, ਮੈਡਲ, ਲੰਚ ਤੇ ਡਿਨਰ ਦੀ ਸਹੂਲਤ ਦਿੱਤੀ ਜਾਵੇਗੀ ਤੇ ਜਿਹੜੇ ਸਾਈਕਲਿਸਟ ਦੂਰ ਤੋਂ ਆਉਣਗੇ ਉਨ੍ਹਾਂ ਦੇ ਰਹਿਣ ਦਾ ਪ੍ਰਬੰਧ ਵੀ ਫਿੱਟ ਬਾਈਕਰ ਕਲੱਬ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਾਈਕਲੋਥਾਨ ਵਿੱਚ ਵਿਸ਼ਵ ਪ੍ਰਸਿੱਧ ਸਾਈਕਲਿਸਟ ਡਾ. ਪਵਨ ਢੀਂਗਰਾ, ਡਾ. ਅਮਿਤ ਸਮਾਰਥ, ਆਦਿਲ ਟੇਲੀ, ਰਾਵੀ ਬਦੇਸ਼ਾ ਵੀ ਭਾਗ ਲੈਣਗੇ। ਇਸ ਮੌਕੇ ਵਾਈਸ ਪ੍ਰਧਾਨ ਉੱਤਮ ਸਿੰਘ ਸਾਬੀ, ਸੈਕਟਰੀ ਮੁਨੀਰ ਨਾਜਰ, ਦੌਲਤ ਸਿੰਘ, ਸੰਜੀਵ ਸੋਹਲ, ਉਕਾਂਰ ਸਿੰਘ, ਸਾਗਰ, ਸੌਰਵ ਸ਼ਰਮਾ ਵੀ ਮੌਜੂਦ ਰਹੇ।
ਕੈਪਸ਼ਨ-ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਜਰਸੀ ਰਿਲੀਜ ਕਰਦੇ ਹੋਏ ਨਾਲ ਹਨ ਪਰਮਜੀਤ ਸੱਚਦੇਵਾ ਤੇ ਹੋਰ।