ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਉਪ ਮੰਡਲ ਮੈਜਿਸਟਰੇਟ ਮੁਕੇਰੀਆਂ ਅਸ਼ੋਕ ਕੁਮਾਰ ਦੀ ਯੋਗ ਅਗਵਾਈ ਹੇਠ ਬਾਲ ਵਿਕਾਸ ਪ੍ਰੋਜੈਕਟ ਅਫਸਰ ਮੁਕੇਰੀਆਂ ਕੁਮਾਰੀ ਮੰਜੂ ਬਾਲਾ ਵਲੋਂ ‘ਸਵੀਪ’ ਗਤੀਵਿਧੀ ਅਧੀਨ ਪਿੰਡ ਤਲਵੰਡੀ ਕਲਾਂ ਅਤੇ ਹਰਸਾ ਮਾਨਸਰ ਵਿਚ ਮਹਿਲਾ ਵੋਟਰਾਂ ’ਤੇ ਖਾਸ ਕਰਕੇ ‘ਫਸਟ ਟਾਈਮ ਵੋਮੈਨ ਵੋਟਰਜ਼’ ਨੂੰ ਜਾਗਰੂਕ ਕਰਨ ਲਈ ਕੈਂਪ ਲਗਾਏ ਗਏ। ਆਂਗਣਵਾੜੀ ਵਰਕਰਾਂ ਵਲੋਂ ‘ਵੋਟ ਫਾਰ ਇੰਡੀਆ’ ਨੂੰ ਉਜਾਗਰ ਕਰਦਿਆਂ ਭਾਰਤ ਦਾ ਨਕਸ਼ਾ ਬਣਾ ਕੇ ਔਰਤਾਂ ਨੂੰ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਗਿਆ। ਸੀ. ਡੀ. ਪੀ. ਓ ਮੰਜੂ ਬਾਲਾ ਵਲੋਂ ਔਰਤਾਂ ਨੂੰ ਆਪਣੀ ਵੋਟ ਹਰ ਹਾਲਤ ਵਿਚ ਬਿਨਾਂ ਕਿਸੇ ਡਰ, ਸ਼ਰਮ ਜਾ ਲਾਲਚ ਤੋਂ ਪਾਉਣ ਲਈ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਅਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰ ਸਕਦੇ ਹਾਂ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਦੇ ਹੋਏ ਸਮਾਜ ਵਿਚ ਆਪਣੀ ਇਕ ਖਾਸ ਜਗ੍ਹਾ ਬਣਾ ਸਕਦੇ ਹਾਂ। ਇਸ ਦੌਰਾਨ ਪਿੰਡ ਤਲਵੰਡੀ ਕਲਾਂ ਵਿਚ ਆਂਗਣਵਾੜੀ ਵਰਕਰਾਂ ਵਲੋਂ ਔਰਤਾਂ ਨੂੰ 100 ਫੀਸਦੀ ਮਤਦਾਨ ਕਰਨ ਲਈ ਪ੍ਰੇਰਿਤ ਕਰਦੀ ਹੋਈ ਇਕ ਸਕੂਟਰ ਰੈਲੀ ਵੀ ਕੱਢੀ ਗਈ।