ਹੁਸ਼ਿਆਰਪੁਰ, 18 ਮਾਰਚ 2024 ਵਿਸ਼ਵ ਓਰਲ ਹੈਲਥ ਦਿਵਸ ਨੂੰ ਸਮਰਪਿਤ ਜਾਗਰੂਕਤਾ ਮਹੀਨੇ ਦੌਰਾਨ “ਇੱਕ ਖੁਸ਼ ਮੂੰਹ ਹੀ ਇੱਕ ਖੁਸ਼ ਸਰੀਰ” ਵਿਸ਼ੇ ‘ਤੇ ਅੱਜ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਪ੍ਰਧਾਨਗੀ ਹੇਠ ਕੀਤੇ ਇਸ ਪ੍ਰੋਗਰਾਮ ਵਿੱਚ ਡੈਂਟਲ ਸਰਜਨ ਡਾ ਨਵਨੀਤ ਕੌਰ, ਬੱਚਿਆਂ ਦੇ ਮਾਹਿਰ ਡਾ ਹਰਨੂਰਜੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਵੱਖ ਵੱਖ ਬਲਾਕਾਂ ਤੋਂ ਸ਼ਾਮਲ ਆਸ਼ਾ ਫੈਸਿਲੀਟੇਟਰਾਂ ਨੇ ਹਿੱਸਾ ਲਿਆ।
ਪ੍ਰੋਗਰਾਮ ਦੌਰਾਨ ਜਾਣਕਾਰੀ ਦਿੰਦੇ ਡਾ ਨਵਨੀਤ ਕੌਰ ਨੇ ਕਿਹਾ ਕਿ ਮੂੰਹ ਦੀ ਸਾਫ ਸਫਾਈ ਉਨ੍ਹੀ ਹੀ ਜਰੂਰੀ ਹੈ, ਜਿਨ੍ਹੀ ਕਿ ਸਰੀਰ ਦੀ ਸਾਫ਼ ਸਫਾਈ। ਉਨ੍ਹਾਂ ਦੱਸਿਆ ਕਿ ਦੰਦਾਂ ਵਿੱਚ ਜੋ ਭੋਜਨ ਫਸ ਜਾਂਦਾ ਹੈ ਉਸ ਨਾਲ ਦੰਦਾਂ ਵਿੱਚ ਸਾੜ ਪੈਦਾ ਹੋ ਜਾਂਦਾ ਹੈ ਜਿਸ ਕਾਰਣ ਮਸੂੜਿਆਂ ਵਿੱਚ ਸੋਜਸ਼ ਅਤੇ ਬੁਰਸ਼ ਕਰਨ ਨਾਲ ਖੂਨ ਆਉਣ ਲੱਗ ਪੈਦਾ ਹੈ ਜੇਕਰ ਦੰਦਾਂ ਦੀ ਸਖਤ ਪੀਲੀ ਪਾਪੜੀ ਨੂੰ ਸਾਫ ਨਾ ਕੀਤਾ ਜਾਵੇ ਤਾਂ ਇਹ ਦੰਦਾਂ ਅਤੇ ਮਸੂੜਿਆਂ ਦੀ ਬੀਮਾਰੀ ਦਾ ਮੁੱਖ ਕਾਰਣ ਬਣਦੀ ਹੈ। ਜਿਆਦਾ ਮਿੱਠੀਆਂ ਚੀਜਾਂ, ਮਿੱਠੇ ਸ਼ਰਬਤ, ਆਈਸ ਕ੍ਰੀਮ, ਟੋਫੀਆਂ, ਚੌਕਲੇਟ ਆਦਿ ਦੰਦਾਂ ਨੂੰ ਖਰਾਬ ਕਰ ਦਿੰਦੀਆਂ ਹਨ। ਭੋਜਨ ਕਰਨ ਤੋਂ ਬਾਅਦ ਬਕਾਇਦਾ ਬੁਰਸ਼ ਕਰਨਾ ਚਾਹੀਦਾ ਹੈ ਜਾਂ ਫਿਰ ਘੱਟੋ ਘੱਟ ਰੋਜ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨਾ ਦੰਦਾਂ ਉੱਤੇ ਪੇਪੜੀ ਜੰਮਣ ਤੋਂ ਰੋਕਣ ਵਿੱਚ ਸਹਾਇਕ ਹੁੰਦਾ ਹੈ। ਆਪਣੇ ਦੰਦਾਂ ਦਾ ਧਿਆਨ ਰੱਖੋ ਅਤੇ ਉਹ ਤੁਹਾਡਾ ਪੂਰਾ ਪੂਰਾ ਧਿਆਨ ਰੱਖਣਗੇ, ਕਿਉਂਕਿ ਅੱਖਾਂ ਗਈਆਂ ਜਹਾਨ ਗਿਆ, ਕੰਨ੍ਹ ਗਏ ਰਾਗ ਗਿਆ, ਦੰਦ ਗਏ ਸੁਆਦ ਗਿਆ। ਅੰਤ ਵਿੱਚ ਸਭ ਤੋਂ ਜਰੂਰੀ ਹੈ ਕਿ ਨਿਯਮਿਤ ਰੂਪ ਨਾਲ ਹਰ ਛੇ ਮਹੀਨਿਆਂ ਦੇ ਵਕਫੇ ਤੇ ਆਪਣੇ ਦੰਦਾ ਦੇ ਡਾਕਟਰ ਕੋਲ ਜਾਣਾ ਚਾਹੀਦਾ ਹੈ ਲੋਕਿਨ ਸਾਲ ਵਿੱਚ ਇੱਕ ਵਾਰ ਲਾਜ਼ਮੀ ਹੈ ।
ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਨੇ ਕਿਹਾ ਕਿ ਭੋਜਨ ਨੂੰ ਚੰਗੀ ਤਰ੍ਹਾਂ ਚਬਾਉਣ ਅਤੇ ਪਚਾਉਣ ਲਈ ਮਜਬੂਤ ਅਤੇ ਸਿਹਤਮੰਦ ਦੰਦ ਜਰੂਰੀ ਹਨ। ਦੰਦਾਂ ਨਾਲ ਬੋਲੇ ਗਏ ਬੋਲਾ ਦਾ ਸਹੀ ਉਚਾਰਨ ਹੁੰਦਾ ਹੈ ਤੇ ਵਿਅਕਤੀ ਵੀ ਸੋਹਣਾ ਦਿਖਦਾ ਹੈ। ਇਸੇ ਤਰ੍ਹਾਂ ਦੰਦਾਂ ਦੇ ਮਸੂੜਿਆਂ ਨੂੰ ਸਿਹਤਮੰਦ ਅਤੇ ਰੋਗ ਮੁਕਤ ਰੱਖਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਮਸੂੜੇ ਦੰਦਾਂ ਨੂੰ ਸਾਰੀ ਉਮਰ ਚੰਗੀ ਤਰ੍ਹਾਂ ਜਕੜ ਕੇ ਰੱਖ ਸਕਣ।