ਮੁੱਖ ਮੰਤਰੀ ਵਜ਼ੀਫਾ ਸਕੀਮ ਦੇ ਲਈ ਸਰਕਾਰ ਬਜਟ ਵਿੱਚ ਪੈਸੇ ਦਾ ਪ੍ਰਬੰਧ ਕਰੇ: ਸੰਜੀਵ ਅਰੋੜਾ


ਹੁਸ਼ਿਆਰਪੁਰ, 28 ਫਰਵਰੀ, ਭਾਰਤ ਵਿਕਾਸ ਪ੍ਰੀਸ਼ਦ ਦੀ ਇਕ ਖਾਸ ਮੀਟਿੰਗ ਪ੍ਰਧਾਨ ਰਾਜਿੰਦਰ ਮੌਦਗਿਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੂਬਾਈ ਕਨਵੀਨਰ ਅਤੇ ਉੱਘੇ ਸਮਾਜ ਸੇਵਕ ਸੰਜੀਵ ਅਰੋੜਾ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ। ਇਸ ਮੌਕੇ ਸੰਜੀਵ ਅਰੋੜਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਜਨਰਲ ਕੈਟਾਗਰੀ ਦੇ ਕਾਲਜ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਵਜ਼ੀਫਾ ਸਕੀਮ ਲਈ ਆਉਣ ਵਾਲੇ ਪੰਜਾਬ ਦੇ ਬਜਟ ਵਿੱਚ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵਜ਼ੀਫਾ ਸਕੀਮ ਤਹਿਤ ਵਿਦਿਆਰਥੀਆਂ ਨੂੰ ਉਨ੍ਹਾਂ ਵੱਲੋਂ ਪ੍ਰਾਪਤ ਅੰਕਾਂ ਦੇ ਆਧਾਰ ‘ਤੇ 6000 ਰੁਪਏ ਤੋਂ ਲੈ ਕੇ 9000 ਰੁਪਏ ਤੱਕ ਦੀ ਰਾਸ਼ੀ ਮਿਲਣੀ ਸੀ ਪਰ ਸੱਤਾ ਬਦਲਣ ਤੋਂ ਬਾਅਦ ਪਿਛਲੀ ਵਾਰ ਪੇਸ਼ ਕੀਤੇ ਗਏ ਬਜਟ ‘ਚ ਇਸ ਸਕੀਮ ਲਈ ਚੁੱਪ-ਚਾਪ ਤਰੀਕੇ ਨਾਲ ਕੋਈ ਪੈਸਾ ਨਹੀਂ ਰੱਖਿਆ ਗਿਆ, ਜਿਸ ਤੋਂ ਲੱਗਦਾ ਹੈ ਕਿ ਜਨਰਲ ਕੈਟਾਗਰੀ ਦੇ ਹੱਕ ਵਾਲੀ ਇਹ ਸਕੀਮ ਖਤਮ ਕਰ ਦਿੱਤੀ ਗਈ ਹੈ । ਸ਼੍ਰੀ ਅਰੋੜਾ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਨੇ ਇਸ ਸਕੀਮ ਤਹਿਤ ਫੰਡ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਕਿ ਜਨਰਲ ਕੈਟਾਗਰੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਨਾ ਹੋਣ ਕਾਰਨ ਜਨਰਲ ਕੈਟਾਗਰੀ ਨਾਲ ਸਬੰਧਤ ਦੁਕਾਨਦਾਰਾਂ, ਕਿਸਾਨਾਂ, ਕਰਮਚਾਰੀਆਂ ਦੇ ਕੇਸ ਲਗਾਤਾਰ ਲਟਕਦੇ ਜਾ ਰਹੇ ਹਨ। ਜੇ ਕਰ ਸਰਕਾਰ ਦੂਸਰੇ ਕਮਿਸ਼ਨਾਂ ਦੇ ਚੇਅਰਮੈਨਾਂ ਦੀ ਨਿਯੁਕਤੀ ਕਰ ਸਕਦੀ ਹੈ ਤਾਂ ਫਿਰ ਉਸ ਨੂੰ ਜਨਰਲ ਕੈਟਾਗਰੀ ਕਮਿਸ਼ਨ ਦੇ ਚੇਅਰਮੈਨ ਦੀ ਨਿਯੁਕਤੀ ਕਰਨ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ, ਇੰਝ ਜਾਪਦਾ ਹੈ ਕਿ ਸਰਕਾਰ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਕੋਈ ਖੋਟ ਹੈ, ਉਨ੍ਹਾਂ ਕਿਹਾ ਕਿ ਸਰਕਾਰ ਜਨਰਲ ਕੈਟਾਗਰੀ ਨਾਲ ਸਬੰਧਤ ਲੋਕਾਂ ਦੇ ਸਬਰ ਦਾ ਇਮਤਿਹਾਨ ਨਾਂ ਲਵੇ ਅਤੇ ਕਿਹਾ ਕਿ ਹੁਣ 1 ਮਾਰਚ ਤੋਂ ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਵਿੱਤ ਮੰਤਰੀ ਆਉਣ ਵਾਲੇ ਸਾਲ ਲਈ ਪੰਜਾਬ ਦਾ ਬਜਟ ਪੇਸ਼ ਕਰਨਗੇ। ਵਿੱਤ ਮੰਤਰੀ ਨੂੰ ਜਨਰਲ ਕੈਟਾਗਰੀ ਦੀ ਇਸ ਮੁੱਖ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਮੁੱਖ ਮੰਤਰੀ ਵਜ਼ੀਫਾ ਸਕੀਮ ਲਈ ਫੰਡ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ।ਇਸ ਮੌਕੇ ਪ੍ਰਧਾਨ ਰਜਿੰਦਰ ਮੌਦਗਿਲ ਅਤੇ ਗੌਰਵ ਗਰਗ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਨਰਲ ਕੈਟਾਗਰੀ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉਨ੍ਹਾਂ ਕਿਹਾ ਜਨਰਲ ਕੈਟਾਗਰੀ ਦੇ ਕਈ ਬੱਚੇ ਫੀਸ ਨਾਂ ਦੇਣ ਦੇ ਕਾਰਨ ਪੜਾਈ ਤੋਂ ਵਾਂਝੇ ਰਹਿ ਜਾਂਦੇ ਹਨ ਅਜਿਹੇ ਵਿੱਚ ਮੁੱਖ ਮੰਤਰੀ ਵਜ਼ੀਫ਼ਾ ਯੋਜਨਾ ਉਨ੍ਹਾਂ ਲਈ ਵਰਦਾਨ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਕਰਾਰ ਨੂੰ ਬੱਚਿਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਉਣ ਵਾਲੇ ਬਜਟ ਵਿੱਚ ਮੁੱਖ ਮੰਤਰੀ ਵਜ਼ੀਫਾ ਸਕੀਮ ਲਈ ਲੋੜੀਂਦੇ ਫੰਡਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਇਸ ਮੌਕੇ ਐਚ.ਕੇ.ਨਾਕੜਾ, ਗੌਰਵ ਗਰਗ, ਐਨ.ਕੇ.ਗੁਪਤਾ, ਕੁਲਵਿੰਦਰ ਸਿੰਘ ਸਚਦੇਵਾ, ਕੁਲਵੰਤ ਸਿੰਘ ਪਸਰੀਚਾ, ਤਰਸੇਮ ਮੌਦਗਿਲ, ਲੋਕੇਸ਼ ਖੰਨਾ, ਅਮਰਜੀਤ ਸ਼ਰਮਾ, ਨਿਤਿਨ ਗੁਪਤਾ, ਵਿਜੇ ਅਰੋੜਾ, ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।     

Leave a Reply

Your email address will not be published. Required fields are marked *