
07 ਫਰਵਰੀ 2024 ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਧਾਨ ਮੰਤਰੀ ਟੀ ਬੀ ਮੁਕਤ ਭਾਰਤ ਮੁਹਿੰਮ ਤਹਿਤ ਰਜਿਟਰਡ ਨਿਕਸ਼ੇ ਮਿਤਰਾ ਮਮਤਾ ਦੇ ਸਹਿਯੋਗ ਨਾਲ ਜ਼ਿਲਾ ਟੀ ਬੀ ਹਸਪਤਾਲ ਹੁਸ਼ਿਆਰਪੁਰ ਵਿਖੇ 60 ਟੀ ਬੀ ਮਰੀਜ਼ਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਸੰਬੰਧੀ ਜਾਣਕਾਰੀ ਸਾਂਝਾ ਕਰਦਿਆਂ ਜ਼ਿਲਾ ਟੀ ਬੀ ਕੰਟਰੋਲ ਅਫ਼ਸਰ ਡਾ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਮੁਫ਼ਤ ਰਾਸ਼ਨ ਦੇਣ ਦਾ ਮੰਤਵ ਟੀ ਬੀ ਦੇ ਮਰੀਜ਼ਾਂ ਨੂੰ ਤੈਅ ਟੀਚੇ ਅਨੁਸਾਰ ਮੁਕੰਮਲ ਤੌਰ ਤੇ ਨਿਰੋਗ ਕਰਕੇ ਦੇਸ਼ ਨੂੰ ਟੀ ਬੀ ਮੁਕਤ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਨਾ ਹੈ। ਡਾ ਸ਼ਕਤੀ ਸ਼ਰਮਾ ਨੇ ਦੱਸਿਆ ਕਿ ਮਰੀਜ਼ਾਂ ਨੂੰ ਵੰਡੀਆਂ ਗਈਆਂ ਇਹਨਾ ਕਿੱਟਾਂ ਵਿੱਚ ਨਿਊਟ੍ਰੀਸ਼ਨ ਨਾਲ ਭਰਪੂਰ ਰਾਸ਼ਨ ਜਿਵੇਂ ਕਿ ਆਟਾ , ਦਾਲ , ਤੇਲ ਅਤੇ ਮਿਲਕ ਪਾਊਡਰ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਟ੍ਰੀਟਮੈਂਟ ਸੁਪਰਵਾਈਜ਼ਰ ਕੁਲਦੀਪ ਸਿੰਘ ਨੇ ਆਏ ਹੋਏ ਮਰੀਜ਼ਾਂ ਨੂੰ ਟੀ ਬੀ ਦੇ ਇਲਾਜ਼ , ਖ਼ੁਰਾਕ ਅਤੇ ਦਵਾਈਆਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮਮਤਾ ਐਨ ਜੀ ਓ ਵੱਲੋਂ ਹਰਪ੍ਰੀਤ ਸਿੰਘ, ਡਾ ਸ਼ਮਿੰਦਰ ਕੌਰ, ਵਿਜੇ ਸਿੰਘ, ਧਰਮਿੰਦਰ ਸਿੰਘ, ਦੀਪਕ ਕੁਮਾਰ, ਜਗਦੀਪ ਸਿੰਘ,ਰੇਨੂ ਬਾਲਾ,ਰਵਿੰਦਰ ਕੌਰ , ਰਾਜਵਿੰਦਰ ਕੌਰ ਅਤੇ ਅਮਿਤ ਕੁਮਾਰ ਆਦਿ ਹਾਜ਼ਰ ਸਨ ।