ਮਾਈਕਰੋ ਅਬਜ਼ਰਵਰ ਕਰਨਗੇ ਨਾਜ਼ੁਕ ਅਤੇ ਸੰਵੇਦਨਸ਼ੀਲ ਬੂਥਾਂ ਦੀ ਨਿਗਰਾਨੀ-ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਰੈਂਡੇਮਾਈਜੇਸ਼ਨ


ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ਲੋਕ ਸਭਾ ਚੋਣਾਂ ਸਬੰਧੀ ਅੱਜ ਜਨਰਲ ਅਬਜ਼ਰਵਰ ਡਾ. ਆਰ. ਆਨੰਦਕੁਮਾਰ ਦੀ ਮੌਜੂਦਗੀ ਵਿਚ ਐਨ.ਆਈ.ਸੀ ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਾਈਕਰੋ ਅਬਜ਼ਰਵਰਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ। ਰੈਂਡੇਮਾਈਜੇਸ਼ਨ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ 188 ਥਾਵਾਂ ’ਤੇ 270 ਮਾਈਕਰੋ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਅਬਜ਼ਰਵਰ ਜ਼ਿਲ੍ਹੇ ਦੇ ਨਾਜ਼ੁਕ, ਸੰਵੇਦਨਸ਼ੀਲ, ਸ਼ੈਡੋ ਏਰੀਆ ਵਾਲੇ ਬੂਥਾਂ ਦੀ ਨਿਗਰਾਨੀ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਮਾਈਕਰੋ ਅਬਜ਼ਰਵਰਾਂ ਨੂੰ 25 ਮਈ ਨੂੰ ਸ਼ਾਮ 4 ਵਜੇ ਜੈਮਜ਼ ਕੈਂਬ੍ਰਿਜ ਸਕੂਲ ਦੇ ਆਡੀਟੋਰੀਅਮ ਵਿਚ ਟ੍ਰੇਨਿੰਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਯੁਕਤ ਕੀਤੇ ਗਏ ਚੋਣ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ ਨਿਭਾਉਣੀ ਚਾਹੀਦੀ ਹੈ ਅਤੇ ਮਾਣ ਮਹਿਸੂਸ ਹੋਣਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਸਭਾ ਚੋਣਾਂ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਐਮ.ਸੀ.ਐਮ.ਸੀ ਕਮੇਟੀ ਗਠਿਤ ਕਰਕੇ ਪੇਡ ਨਿਊਜ਼ ’ਤੇ ਨਜ਼ਰ ਰੱਖੀ ਜਾ ਰਹੀ ਹੈ, ਉਥੇ ਜ਼ਿਲ੍ਹਾ ਪੱਧਰ ’ਤੇ ਸਥਾਪਿਤ ਸ਼ਿਕਾਇਤ ਸੈੱਲ ਅਤੇ ਸੀ-ਵਿਜ਼ਿਲ ਐਪ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਪ੍ਰਾਪਤ ਹੋ ਰਹੀਆਂ ਸ਼ਿਕਾਇਤਾਂ ’ਤੇ ਵੀ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਡੀ.ਆਈ.ਓ ਪ੍ਰਦੀਪ ਸਿੰਘ, ਲੀਡ ਬੈਂਕ ਮੈਨੇਜਰ ਰਾਜੇਸ਼ ਜੋਸ਼ੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਧੀਰਜ ਵਸ਼ਿਸ਼ਟ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਸਹਾਇਕ ਲੋਕ ਸੰਪਰਕ ਅਫ਼ਸਰ ਲੋਕੇਸ਼ ਕੁਮਾਰ, ਚੋਣ ਕਾਨੂੰਗੋ ਦੀਪਕ ਕੁਮਾਰ ਤੇ ਲਖਬੀਰ ਸਿੰਘ ਵੀ ਮੌਜੂਦ ਸਨ। 

Leave a Reply

Your email address will not be published. Required fields are marked *