ਹੁਸ਼ਿਆਰਪੁਰ, 7 ਜਨਵਰੀ: ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਦੀ ਮੌਜੂਦਗੀ ਵਿਚ ਅੱਜ 1 ਜਨਵਰੀ 2025 ਦੇ ਆਧਾਰ ’ਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਗਈ। ਇਸ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਨੂੰ ਵੋਟਰ ਸੂਚੀਆਂ ਦਾ ਇਕ-ਇਕ ਸੈਟ ਅਤੇ ਸੀ.ਡੀ ਵੀ ਪ੍ਰਦਾਨ ਕੀਤੀ ਗਈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਤੋਂ ਬਾਅਦ ਜ਼ਿਲ੍ਹੇ ਵਿਚ 1563 ਪੋਲਿੰਗ ਬੂਥ ਅਤੇ ਵੋਟਰਾਂ ਦੀ ਗਿਣਤੀ 1266037 ਹੋ ਗਈ ਹੈ ਜਿਸ ਵਿਚ 654433 ਪੁਰਸ਼, 611564 ਔਰਤਾਂ ਅਤੇ 40 ਥਰਡ ਜੈਂਡਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਖੇਤਰ 39 ਮੁਕੇਰੀਆਂ ਵਿਚ 251 ਪੋਲਿੰਗ ਬੂਥ ਅਤੇ ਵੋਟਰਾਂ ਦੀ ਗਿਣਤੀ 203876 ਹੈ, ਵਿਧਾਨ ਸਭਾ ਖੇਤਰ 40 ਦਸੂਹਾ ਵਿਚ ਪੋਲਿੰਗ ਬੂਥ 224 ਅਤੇ ਵੋਟਰਾਂ ਦੀ ਗਿਣਤੀ 193603, ਵਿਧਾਨ ਸਭਾ ਖੇਤਰ 41 ਉੜਮੁੜ ਵਿਚ ਪੋਲਿੰਗ ਬੂਥ 221 ਅਤੇ ਵੋਟਰਾਂ ਦੀ ਗਿਣਤੀ 173035, ਵਿਧਾਨ ਸਭਾ ਖੇਤਰ ਸ਼ਾਮ ਚੁਰਾਸੀ ਵਿਚ ਪੋਲਿੰਗ ਬੂਥ 220 ਅਤੇ ਵੋਟਰਾਂ ਦੀ ਗਿਣਤੀ 174021, ਵਿਧਾਨ ਸਭਾ ਖੇਤਰ ਹੁਸ਼ਿਆਰਪੁਰ ਵਿਚ ਪੋਲਿੰਗ ਬੂਥ 214 ਅਤੇ ਵੋਟਰਾਂ ਦੀ ਗਿਣਤੀ 187815, ਵਿਧਾਨ ਸਭਾ ਖੇਤਰ ਚੱਬੇਵਾਲ ਵਿਚ ਪੋਲਿੰਗ ਬੂਥ 205 ਅਤੇ ਵੋਟਰਾਂ ਦੀ ਗਿਣਤੀ 160104 ਅਤੇ ਵਿਧਾਨ ਸਭਾ ਖੇਤਰ ਗੜ੍ਹਸ਼ੰਕਰ ਵਿਚ ਪੋਲਿੰਗ ਬੂਥ 228 ਅਤੇ ਵੋਟਰਾਂ ਦੀ ਗਿਣਤੀ 173583 ਹੈ।
ਰਾਹੁਲ ਚਾਬਾ ਨੇ ਦੱਸਿਆ ਕਿ ਵੋਟਰ ਸੂਚੀਆਂ ਵਿਚ ਸੁਧਾਰ ਸਬੰਧੀ ਜ਼ਿਲ੍ਹਾ ਚੋਣ ਦਫ਼ਤਰ, ਸਬੰਧਤ ਚੋਣ ਰਜਿਸਟ੍ਰੇਸ਼ਨ ਅਧਿਕਾਰੀ ਦੇ ਦਫ਼ਤਰ ਅਤੇ ਬਲਾਕ ਲੈਵਲ ਅਧਿਕਾਰੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤਹਿਸੀਲਦਾਰ ਚੋਣਾਂ ਸਰਬਜੀਤ ਸਿੰਘ, ਆਮ ਆਦਮੀ ਪਾਰਟੀ ਤੋਂ ਜੈ ਰਾਮ, ਇੰਡੀਅਨ ਨੈਸ਼ਨਲ ਕਾਂਗਰਸ ਤੋਂ ਰਜਨੀਸ਼ ਟੰਡਨ, ਸੀ.ਪੀ.ਆਈ (ਐਮ) ਤੋਂ ਬਲਵਿੰਦਰ ਸਿੰਘ ਅਤੇ ਭਾਰਤੀ ਜਨਤਾ ਪਾਰਟੀ ਤੋਂ ਭੂਸ਼ਣ ਕੁਮਾਰ ਸ਼ਰਮਾ ਵੀ ਮੌਜੂਦ ਸਨ।