ਦਿਵਾਲੀ ਲਈ ਪਟਾਖੇ ਦੀ ਰਿਟੇਲ ਵਿਕਰੀ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿੱਤੇ ਜਾਣਗੇ ਅਸਥਾਈ ਲਾਇਸੰਸ : ਡਿਪਟੀ ਕਮਿਸ਼ਨਰ


          ਜ਼ਿਲ੍ਹਾ ਮੈਜਿਸਟਰੇਟ ਕੋਮਲ ਮਿੱਤਲ ਨੇ ਜਨਤਾ ਨੂੰ ਸੂਚਿਤ ਕੀਤਾ ਹੈ ਕਿ ਇਸ ਸਾਲ ਦਿਵਾਲੀ ਦੇ ਤਿਉਹਾਰ ਦੌਰਾਨ ਪਟਾਖਿਆਂ ਦੀ ਰਿਟੇਲ ਵਿਕਰੀ ਲਈ ਅਸਥਾਈ ਲਾਇਸੰਸ ਜਾਰੀ ਕੀਤੇ ਜਾਣਗੇ। ਇਹ ਲਾਇਸੰਸ ਪਿਛਲੇ ਸਾਲ ਦੀ ਤਰ੍ਹਾਂ ਹੀ ਨਿਰਧਾਰਤ ਪ੍ਰਕਿਰਿਆ ਰਾਹੀਂ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਅਸਥਾਈ ਲਾਇਸੰਸ ਪ੍ਰਾਪਤ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ 1 ਅਕਤੂਬਰ 2024 ਤੋਂ 11 ਅਕਤੂਬਰ 2024 ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਦਫ਼ਤਰ ਵਿਚ ਸਥਿਤ ਸੇਵਾ ਕੇਂਦਰਾਂ ਰਾਹੀਂ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਦੇ ਸਮੇਂ ਸਬੰਧਤ ਵਿਅਕਤੀ ਨੂੰ ਅਰਜ਼ੀ ਫੀਸ ਜਮ੍ਹਾਂ ਕਰਵਾਉਣਾ ਜ਼ਰੂਰੀ ਹੋਵੇਗਾ। ਉਨ੍ਹਾਂ ਦੱਸਿਆ ਕਿ ਅਪਲਾਈ ਸਮੇਂ ਸਵੈ-ਘੋਸ਼ਣਾ ਪੱਤਰ, ਪਾਸਪੋਰਟ ਸਾਈਜ ਫੋਟੋ ਅਤੇ ਆਧਾਰ ਕਾਰਡ ਦੀ ਕਾਪੀ ਲਗਾਉਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਅਤੇ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਿਵਾਸੀ ਹੋਣਾ ਚਾਹੀਦਾ ਹੈ। ਪ੍ਰਾਪਤ ਅਰਜੀਆਂ ਦੀ ਜਾਂਚ ਉਪਰੰਤ ਯੋਗ ਬਿਨੈਕਾਰਾਂ ਨੂੰ ਅਸਥਾਈ ਲਾਇਸੰਸ 18 ਅਕਤੂਬਰ 2024 ਨੂੰ ਸਵੇਰੇ 11:30 ਵਜੇ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਹੁਸ਼ਿਆਰਪੁਰ (ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮਿੰਨੀ ਸਕੱਤਰੇਤ) ਵਿਖੇ ਆਯੋਜਿਤ ਡਰਾਅ ਪ੍ਰਕਿਰਿਆ ਰਾਹੀਂ ਪ੍ਰਦਾਨ ਕੀਤੇ ਜਾਣਗੇ।

          ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਇਹ ਅਸਥਾਈ ਲਾਇਸੰਸ ਕੇਵਲ ਪ੍ਰਸ਼ਾਸਨ ਦੁਆਰਾ ਨਿਰਧਾਰਤ ਕੀਤੇ ਸਥਾਨਾਂ ’ਤੇ ਪਟਾਖੇ ਵੇਚਣ ਲਈ ਜਾਰੀ ਕੀਤੇ ਜਾਣਗੇ। ਚਾਹਵਾਨ ਬਿਨੈਕਾਰ ਪ੍ਰਸ਼ਾਸਨ ਦੁਆਰਾ ਦੱਸੇ ਗਏ ਸਥਾਨਾਂ ਲਈ ਆਪਣਾ ਬਿਨੈ ਪੱਤਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਪਟਾਖੇ ਵੇਚਣ ਲਈ 18 ਸਥਾਨ ਨਿਰਧਾਰਤ ਕੀਤੇ ਗਏ ਹਨ ਅਤੇ ਇਨ੍ਹਾਂ ਸਥਾਨਾਂ ਲਈ 57 ਡਰਾਅ ਕੱਢੇ ਜਾਣਗੇ।

          ਉਨ੍ਹਾਂ ਦੱਸਿਆ ਕਿ ਉਪ ਮੰਡਲ ਹੁਸ਼ਿਆਰਪੁਰ ਵਿਚ ਦੁਸਹਿਰਾ ਗਰਾਉਂਡ (ਨਵੀਂ ਆਬਾਦੀ) ਲਈ 14, ਜ਼ਿਲ੍ਹਾ ਪ੍ਰੀਸ਼ਦ ਮਾਰਕਿਟ (ਅੱਡਾ ਮਾਹਿਲਪੁਰ) ਲਈ 5, ਰੌਸ਼ਨ ਗਰਾਉਂਡ ਹੁਸ਼ਿਆਰਪੁਰ ਲਈ 3, ਰਾਮਲੀਲਾ ਗਰਾਉਂਡ ਹਰਿਆਣਾ ਲਈ 3, ਬੁਲੋਵਾਲ ਖੁੱਲੇ ਸਥਾਨ ਲਈ 1, ਚੱਬੇਵਾਲ ਖੁੱਲ੍ਹੇ ਸਥਾਨ ਲਈ 1 ਡਰਾਅ ਕੱਢਿਆ ਜਾਵੇਗਾ। ਉਪ ਮੰਡਲ ਗੜ੍ਹਸ਼ੰਕਰ ਵਿਚ ਮਿਲਟਰੀ ਗਰਾਉਂਡ ਗੜ੍ਹਸ਼ੰਕਰ ਲਈ 4, ਮਾਹਿਲਪੁਰ-ਫਗਵਾੜਾ ਰੋਡ ’ਤੇ ਸਥਿਤ ਨਗਰ ਪੰਚਾਇਤ ਮਾਹਿਲਪੁਰ ਦੇ ਮਾਲਕਾਨਾ ਵਾਲੇ ਸਥਾਨ ਲਈ 3, ਕੋਟ ਫਤੂਹੀ ਤੋਂ ਬਿੰਜੋ ਰੋਡ ਦੇ ਖਾਲੀ ਥਾਂ ਲਈ 2 ਡਰਾਅ ਕੱਢੇ ਜਾਣਗੇ। ਉਪ ਮੰਡਲ ਦਸੂਹਾ ਵਿਚ ਮਹਾਰਿਸ਼ੀ ਵਾਲਮੀਕਿ ਪਾਰਕ ਲਈ 3, ਬਲਾਕ ਸੰਮਤੀ ਸਟੇਡੀਅਮ ਦਸੂਹਾ ਲਈ 3, ਦੁਸਹਿਰਾ ਗਰਾਉਂਡ ਗੜ੍ਹਦੀਵਾਲਾ ਲਈ 3 ਡਰਾਅ ਕੱਢੇ ਜਾਣਗੇ।

          ਉਪ ਮੰਡਲ ਟਾਂਡਾ ਲਈ ਸ਼ਿਮਲਾ ਪਹਾੜੀ ਪਾਰਕ ਉੜਮੁੜ ਵਿਚ 3 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ ਦੀ ਗਰਾਉਂਡ ਲਈ 2 ਡਰਾਅ ਕੱਢੇ ਜਾਣਗੇ। ਉਪ ਮੰਡਲ ਮੁਕੇਰੀਆਂ ਵਿਚ ਦੁਸਹਿਰਾ ਗਰਾਉਂਡ ਮੁਕੇਰੀਆਂ ਲਈ 2, ਦੁਸਹਿਰਾ ਗਰਾਉਂਡ ਹਾਜੀਪੁਰ ਲਈ 2, ਨਰਸਰੀ ਗਰਾਉਂਡ ਸੈਕਟਰ-3 ਤਲਵਾੜਾ ਲਈ 2 ਅਤੇ ਦੁਸਹਿਰਾ ਗਰਾਉਂਡ ਦਾਤਾਰਪੁਰ ਲਈ 1 ਡਰਾਅ ਕੱਢਿਆ ਜਾਵੇਗਾ।

Leave a Reply

Your email address will not be published. Required fields are marked *