ਚੀਫ਼ ਕਮਿਸ਼ਨਰ ਗੁਰਦੁਆਰਾ ਚੋਣਾਂ, ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੋਰਡ ਦੀਆਂ ਚੋਣਾਂ ਲਈ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਯੋਗ ਵੋਟਰਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਚੱਲ ਰਹੀ ਹੈ। ਕਮਿਸ਼ਨ ਵੱਲੋਂ ਵੋਟ ਰਜਿਸਟ੍ਰੇਸ਼ਨ ਦੀਆਂ ਤਰੀਕਾਂ ਵਿਚ ਵਾਧਾ ਕਰਦੇ ਹੋਏ ਹੁਣ ਵੋਟ ਰਜਿਸਟਰੇਸ਼ਨ ਦੀ ਆਖਰੀ ਮਿਤੀ 31 ਅਕਤੂਬਰ 2024 ਨਿਸ਼ਚਿਤ ਕੀਤੀ ਗਈ ਹੈ। ਕੇਸਧਾਰੀ ਵਿਅਕਤੀ ਇਸ ਮਿਤੀ ਤੱਕ ਫਾਰਮ ਨੰਬਰ 1 ਭਰ ਸਕਦਾ ਹੈ।
ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਸਾਂਝਾ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਫਾਰਮ ਨੰਬਰ 1 ਕੇਸਧਾਰੀ ਭਰ ਕੇ ਸਬੰਧਤ ਪਟਵਾਰੀ, ਬੀ.ਐਲ.ਓ., ਐਸ.ਡੀ.ਐਮ. ਦਫ਼ਤਰ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਜਮ੍ਹਾਂ ਕਰਵਾਓ। ਵਧੇਰੇ ਜਾਣਕਾਰੀ ਲਈ ਸਬੰਧਤ ਤਹਿਸੀਲਦਾਰ ਅਤੇ ਐਸ.ਡੀ.ਐਮ. ਦਫ਼ਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਇਨ੍ਹਾਂ ਫਾਰਮਾਂ ਦੇ ਨਾਲ ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਰਿਹਾਇਸ਼ ਦੇ ਸਬੂਤ ਦੀ ਕਾਪੀ ਜਿਵੇਂ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਮਗਨਰੇਗਾ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਆਦਿ ਨਾਲ ਨੱਥੀ ਕਰਨੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਬਣਾਉਣ ਵਾਲੇ ਵਿਅਕਤੀ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ ਅਤੇ ਉਸ ਦਾ ਸਿੱਖ ਧਰਮ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਹੀ ਵੋਟ ਬਣਵਾ ਸਕਦਾ ਹੈ।