ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ ਨੇ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਸੜਕਾਂ/ਗਲੀਆਂ ਵਿਚ ਰੱਖਿਆ ਜਾਂਦਾ ਹੈ, ਉਹ ਤੁਰੰਤ ਆਪਣਾ ਸਾਮਾਨ ਉਥੋਂ ਚੁੱਕ ਲੈਣ ਅਤੇ ਸਾਂਮਾਨ ਦੁਕਾਨਾਂ ਦੇ ਅੰਦਰ ਰੱਖਣ, ਤਾਂ ਜੋ ਟ੍ਰੈਫਿਕ ਵਿਚ ਕੋਈ ਵਿਘਨ ਪੈਦਾ ਨਾ ਹੋਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਦਾ ਸਾਮਾਨ ਜ਼ਬਤ ਕਰਕੇ ਕਾਨੂੰਨ ਮੁਤਾਬਿਕ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜੁਲਾਈ, 2024 ਦਿਨ ਸ਼ਨੀਵਾਰ ਨੂੰ ਵੀ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਵੱਲੋਂ ਬਾਜ਼ਾਰਾਂ ਦੀ ਚੈਕਿੰਗ ਕੀਤੀ ਗਈ ਅਤੇ ਦੁਕਾਨਦਾਰਾਂ ਵੱਲੋਂ ਬਾਹਰ ਰੱਖਿਆ ਸਾਮਾਨ ਜ਼ਬਤ ਕੀਤਾ ਗਿਆ।
ਕਮਿਸ਼ਨਰ ਨਗਰ ਨਿਗਮ ਨੇ ਇਹ ਵੀ ਕਿਹਾ ਕਿ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਰੋਜ਼ਾਨਾ ਕੰਮਕਾਜ਼ ਵਾਲੇ ਦਿਨ ਦੇ ਇਲਾਵਾ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਵੀ ਬਾਜ਼ਾਰਾਂ ਦੀ ਚੈਕਿੰਗ ਜਾਰੀ ਰਹੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ 20 ਜੁਲਾਈ ਅਤੇ 27 ਜੁਲਾਈ 2024 ਨੂੰ ਸ਼ਨੀਵਾਰ ਵਾਲੇ ਦਿਨ ਨਗਰ ਨਿਗਮ ਵਿਖੇ ਟਰੇਡ ਲਾਇਸੰਸ ਬਨਾਉਣ ਦੇ ਕਾਊਂਟਰ ਵੀ ਖੁੱਲ੍ਹੇ ਰਹਿਣਗੇ। ਇਥੇ ਲੋਕ ਆਪਣਾ ਟਰੇਡ ਲਾਇਸੰਸ ਸਵੇਰੇ 10 ਵਜ਼ੇ ਤੋਂ ਸ਼ਾਮ 3 ਵਜੇ ਤੱਕ ਬਣਾ ਸਕਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ/ਕਾਰੋਬਾਰੀਆਂ ਵੱਲੋਂ ਆਪਣੇ ਕਾਰੋਬਾਰ ਦਾ ਟਰੇਡ ਲਾਇਸੰਸ ਨਹੀਂ ਬਣਾਇਆ ਗਿਆ ਹੈ ਜਾਂ ਰੀਨਿਊ ਨਹੀਂ ਕਰਾਇਆ ਗਿਆ ਹੈ, ਉਨ੍ਹਾਂ ਵੱਲੋਂ ਆਪਣੇ ਕਾਰੋਬਾਰ ਦਾ ਲਾਇਸੰਸ ਜਲਦ ਬਣਾਇਆ/ਰੀਨਿਊ ਕਰਵਾਇਆ ਜਾਵੇ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਨ੍ਹਾਂ ਖਿਲਾਫ਼ ਪੀ.ਐਮ.ਸੀ ਐਕਟ 1976 ਦੀ ਧਾਰਾ ਅਧੀਨ ਨੋਟਿਸ ਜਾਰੀ ਕੀਤੇ ਜਾਣਗੇ ਅਤੇ ਉਨ੍ਹਾਂ ਖ਼ਿਲਾਫ਼ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।