ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇ ‘ਤੇ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ ਪੰਜਾਬ ਕਸ਼ਮੀਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਖੁਰ, ਲੰਪੀ ਸਕਿਨ, ਗੱਲ ਘੋਟੂ ਆਦਿ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਨੁਕਸਾਨ ਨੂੰ ਘੱਟ ਕਰਨ ਲਈ ਸਰਕਾਰ ਵਲੋਂ ਜਨਰਲ ਜਾਤੀ ਦੇ ਪਸ਼ੂ ਧਾਰਕਾ ਨੂੰ 50 ਫੀਸਦੀ ਅਤੇ ਅਨੁਸੂਚਿਤ ਜਾਤੀ ਦੇ ਪਸ਼ੂ ਧਾਰਕਾਂ ਨੂੰ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਫਾਰਮਰ 1 ਤੋਂ 5 ਪਸ਼ੂਆਂ ਤੱਕ ਬੀਮਾ ਕਰਵਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਕੀਮ ਤਹਿਤ ਪਸ਼ੂਆਂ ਦੀ ਕੀਮਤ 70 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਕੀਮ ਅਧੀਨ ਇਕ ਸਾਲ ਦਾ ਬੀਮਾ ਐਸ.ਸੀ/ਐਸ.ਟੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ, ਦੋ ਸਾਲ ਦਾ ਬੀਮਾ 1260 ਰੁਪਏ ਅਤੇ ਤਿੰਨ ਸਾਲ ਦਾ ਬੀਮਾ 1680 ਰੁਪਏ ਵਿਚ ਹੋਵੇਗਾ। ਇਸ ਤਰ੍ਹਾ ਜਨਰਲ ਲਾਭਪਾਤਰੀਆਂ ਲਈ ਇਕ ਸਾਲ ਦਾ ਬੀਮਾ 1120 ਰੁਪਏ, ਦੋ ਸਾਲ ਦਾ ਬੀਮਾ 2100 ਰੁਪਏ ਅਤੇ ਤਿੰਨ ਸਾਲ ਦਾ ਬੀਮਾ 2800 ਰੁਪਏ ਅਦਾ ਕਰਕੇ ਕਰਵਾ ਸਕਦੇ ਹਨ । ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਕੋਈ ਵੀ ਡੇਅਰੀ ਫਾਰਮਰ ਲੈ ਸਕਦਾ ਹੈ। ਵਧੇਰੇ ਜਾਣਕਾਰੀ ਲਈ 01882-220025, 9872277136 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।