ਦੁਧਾਰੂ ਪਸ਼ੂਆਂ ਦੇ ਬੀਮੇ ’ਤੇ 70 ਫੀਸਦੀ ਤੱਕ ਸਬਸਿਡੀ ਉਪਲਬੱਧ : ਕਸ਼ਮੀਰ ਸਿੰਘ

ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇ ’ਤੇ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਕਿ ਮੂੰਹ ਖੁਰ, ਲੰਪੀ ਸਕਿਨ, ਗਲ਼ ਘੋਟੂ ਕਾਰਨ ਕਈ ਵਾਰ ਪਸ਼ੂਆਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਮੌਤਾਂ ਨਾਲ ਛੋਟੇ ਅਤੇ ਦਰਮਿਆਨੇ ਡੇਅਰੀ ਫਾਰਮਰਾਂ ਦਾ ਆਰਥਿਕ ਨੁਕਸਾਨ ਹੋ ਜਾਂਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਡਾਇਰੈਕਟਰ ਡੇਅਰੀ ਵਿਕਾਸ ਹੁਸ਼ਿਆਰਪੁਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਇਸ ਨੁਕਸਾਨ ਨੂੰ ਘੱਟ ਕਰਨ ਲਈ ਪੰਜਾਬ ਸਰਕਾਰ ਵੱਲੋਂ  ਜਨਰਲ ਜਾਤੀ ਦੇ ਪਸ਼ੂ ਧਾਰਕਾਂ ਨੂੰ 50 ਫੀਸਦੀ ਅਤੇ ਅਨੁਸੂਚਿਤ ਜਾਤੀ ਦੇ ਪਸ਼ੂ ਧਾਰਕਾਂ ਨੂੰ 70 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਸਕੀਮ ਤਹਿਤ ਫਾਰਮਰ 1 ਤੋਂ 5 ਪਸ਼ੂਆਂ ਤੱਕ ਬੀਮਾ ਕਰਵਾ ਸਕਦਾ ਹੈ ।ਸਕੀਮ ਤਹਿਤ ਪਸ਼ੂਆਂ ਦੀ ਕੀਮਤ 70 ਹਜ਼ਾਰ ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਸਕੀਮ ਅਧੀਨ  ਇੱਕ ਸਾਲ ਦਾ ਬੀਮਾ ਐਸ.ਸੀ/ਐਸ.ਟੀ ਲਾਭਪਾਤਰੀਆਂ ਦੇ ਪਸ਼ੂਆਂ ਦਾ 672 ਰੁਪਏ, ਦੋ ਸਾਲ ਦਾ ਬੀਮਾ 1260 ਰੁਪਏ ਅਤੇ ਤਿੰਨ ਸਾਲ ਦਾ ਬੀਮਾ 1680 ਰੁਪਏ ਵਿੱਚ ਹੋਵੇਗਾ। ਇਸ ਤਰ੍ਹਾ ਜਨਰਲ ਲਾਭਪਾਤਰੀਆਂ ਲਈ ਇਕ ਸਾਲ ਦਾ ਬੀਮਾ 1120 ਰੁਪਏ, ਦੋ ਸਾਲ ਦਾ ਬੀਮਾ 2100 ਰੁਪਏ ਅਤੇ ਤਿੰਨ ਸਾਲ ਦਾ ਬੀਮਾ 2800 ਰੁਪਏ ਅਦਾ ਕਰਕੇ ਕਰਵਾ ਸਕਦੇ ਹਨ । ਇਸ ਸਕੀਮ ਦਾ ਲਾਭ ਕੋਈ ਵੀ ਡੇਅਰੀ ਫਾਰਮਰ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਫੋਨ ਨੰਬਰ 01882-220025 ਅਤੇ 98722-77136 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *