ਮਾਹਿਰ ਡਾਕਟਰਾਂ ਵਲੋਂ ਗਰਭਵਤੀ ਔਰਤਾਂ ਨੂੰ ਸੁਝਾਏ ਗਏ ਸਾਰੇ ਟੈਸਟ ਕਰਾਉਣੇ ਅਤਿ ਜਰੂਰੀ ਹਨ : ਡਾ ਅਨੀਤਾ ਕਟਾਰੀਆ ।

ਸਿਵਲ ਸਰਜਨ ਹੁਸ਼ਿਆਰਪੁਰ ਡਾ.ਬਲਵਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਹਤ ਸੰਸਥਾਵਾਂ ਵਿੱਚ ਗਰਭਵਤੀਆਂ ਦੀ ਜਾਂਚ ਲਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸਪੈਸ਼ਲ ਜਾਂਚ ਕੈਂਪ ਲਗਾਏ ਗਏ। ਸਿਵਲ ਹਸਪਤਾਲ ਹੁਸ਼ਿਆਰਪੁਰ, ਐਸਡੀਐਚ ਦਸੂਹਾ, ਮੁਕੇਰੀਆਂ, ਗੜ੍ਹਸ਼ੰਕਰ ਅਤੇ ਸਮੂਹ ਸੀ.ਐਚ.ਸੀਜ਼ ਤੇ ਬਲਾਕ ਪੀ.ਐਚ.ਸੀਜ਼ ਵਿਖੇ ਲਗਾਏ ਇਹਨਾਂ ਕੈਂਪਾਂ ਦੌਰਾਨ ਗਰਭਵਤੀ ਔਰਤਾਂ ਖਾਸ ਕਰਕੇ ਖ਼ਤਰੇ ਦੇ ਚਿੰਨਾਂ ਵਾਲੀਆਂ ਗਰਭਵਤੀਆਂ ਦੇ ਸਾਰੇ ਟੈਸਟ ਮੁਫਤ ਕੀਤੇ ਗਏ।

ਇਸ ਪ੍ਰੋਗਰਾਮ ਦੇ ਤਹਿਤ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਇਹ ਕੈਂਪ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜ਼ਿਲਾ ਪਰਿਵਾਰ ਭਲਾਈ ਅਫ਼ਸਰ ਡਾ ਅਨੀਤਾ ਕਟਾਰੀਆ, ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਸਿਵਲ ਹਸਪਤਾਲ ਡਾ ਸਵਾਤੀ, ਐਸਐਮਓ ਡਾ ਮਨਮੋਹਨ ਸਿੰਘ, ਗਾਇਨੀਕੋਲੋਜਿਸਟ ਡਾ ਨਵਨੀਤ ਕੌਰ, ਡਾ ਮਹਿਮਾ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਏਐਨਐਮ ਕੁਲਵੰਤ ਕੌਰ ਅਤੇ ਹੋਰ ਸਟਾਫ਼ ਮੌਜੂਦ ਸੀ। 

ਡਾ ਅਨੀਤਾ ਕਟਾਰੀਆ ਨੇ ਇਸ ਦੌਰਾਨ ਜਾਣਕਾਰੀ ਦਿੰਦੇ ਕਿਹਾ ਕਿ ਜੇਕਰ ਗਰਭਵਤੀ ਔਰਤ ਦੇ ਗਰਭ ਦੌਰਾਨ ਸਮੇ ਸਮੇਂ ਸਿਰ ਜਾਂਚ ਹੁੰਦੀ ਰਹੇ ਤਾਂ ਉਸ ਦਾ ਜਣੇਪਾ ਸੁਰੱਖਿਅਤ ਅਤੇ ਸੌਖਾ ਹੋ ਜਾਂਦਾ ਹੈ। ਇਸ ਲਈ ਸਾਰੀਆਂ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਆਪਣੇ ਚਾਰ ਚੇਕਅੱਪ ਅਤੇ ਡਾਕਟਰ ਵਲੋਂ ਦੱਸੇ ਗਏ ਸਾਰੇ ਟੈਸਟ ਸਮੇਂ ਸਿਰ ਜਰੂਰ ਕਰਵਾਉਣੇ ਚਾਹੀਦੇ ਹਨ ਤਾਂ ਜੋ ਖਤਰੇ ਦੇ ਚਿੰਨਾਂ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਹੋ ਸਕੇ ਅਤੇ ਸਮਾਂ ਰਹਿੰਦੇ ਉਹਨਾ ਦਾ ਇਲਾਜ਼ ਹੋ ਸਕੇ ।

ਡਾ ਸਵਾਤੀ ਨੇ ਉੱਥੇ ਹਾਜ਼ਰ ਆਸ਼ਾ ਵਰਕਰਾਂ ਨੂੰ ਕਿਹਾ ਕਿ ਉਹ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਸਮੇਂ ਸਿਰ ਪਛਾਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਜਰੂਰ ਲੈ ਕੇ ਆਉਣ ਤਾਂ ਜੋ ਗਰਭਵਤੀ ਮਾਵਾਂ ਦੇ ਸਮੇਂ ਸਿਰ ਲੋੜੀਂਦੇ ਟੈਸਟ ਕਰਕੇ ਅਤੇ ਸਿਹਤ ਸੇਵਾਵਾਂ ਦੇ ਕੇ ਜਨੇਪੇ ਦੌਰਾਨ ਆਉਣ ਵਾਲੇ ਖਤਰੇ ਨੂੰ ਟਾਲਿਆ ਜਾ ਸਕੇ ਅਤੇ ਸੁਰੱਖਿਅਤ ਜਨੇਪਾ ਕਰਵਾਇਆ ਜਾ ਸਕੇ। 

ਡਾ ਮਨਮੋਹਨ ਸਿੰਘ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਅਪ੍ਰੇਸ਼ਨ ਵਾਲੇ (ਸੀਜ਼ੇਰੀਅਨ) ਅਤੇ ਨਾਰਮਲ ਜਨੇਪੇ ਬਿਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਔਰਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ। ਹਸਪਤਾਲ ਚ ਗਰਭਵਤੀ ਦਾ ਖਾਣਾ ਪੀਣਾ ਰਹਿਣਾ ਅਤੇ ਦਵਾਈ ਬਿਲਕੁਲ ਫ੍ਰੀ ਹੁੰਦੀ ਹੈ।

ਇਨਾਂ ਵਿਸ਼ੇਸ਼ ਕੈਂਪਾਂ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਆਈਆਂ ਹੋਈਆਂ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਜਣੇਪੇ ਦੌਰਾਨ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ। 

Leave a Reply

Your email address will not be published. Required fields are marked *