ਜ਼ਿਲ੍ਹੇ ਵਿਚ ਚਾਈਨਾ ਡੋਰ ਦੀ ਰਿਟੇਲ, ਹੋਲਸੇਲ ਅਤੇ ਡਿਸਟ੍ਰੀਬਿਊਸ਼ਨ ਨੂੰ ਰੋਕਣ ਅਤੇ ਵਾਤਾਵਰਨ ਸੁਰੱਖਿਆ ਐਕਟ 1986 ਦੀ ਸਖ਼ਤੀ ਨਾਲ ਪਾਲਣਾ ਕਰਨ ਹਿੱਤ ਪਤੰਗ ਵੇਚਣ ਵਾਲਿਆਂ ਨਾਲ ਵਧੀਕ ਵਾਤਾਵਰਨ ਇੰਜੀਨੀਅਰ ਸ਼ਿਵ ਕੁਮਾਰ ਨੇ ਆਪਣੇ ਦਫ਼ਤਰ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ 20 ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਦੌਰਾਨ ਵਧੀਕ ਵਾਤਾਵਰਣ ਇੰਜੀਨੀਅਰ ਨੇ ਸਾਰਿਆਂ ਨੂੰ ਵਿਗਿਆਨ, ਤਕਨੀਕ ਅਤੇ ਵਾਤਾਵਰਨ ਵਿਭਾਗ ਪੰਜਾਬ ਵਲੋਂ ਚਾਈਨਾ ਡੋਰ ’ਤੇ ਲਗਾਈਆਂ ਗਈਆਂ ਪਾਬੰਦੀਆਂ ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਦੌਰਾਨ ਹਾਜ਼ਰ ਸਾਰੇ ਪ੍ਰਤੀਨਿਧੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਚਾਈਨਾ ਡੋਰ ਦੀ ਵਿਕਰੀ ਨਹੀਂ ਕੀਤੀ ਜਾਵੇਗੀ ਅਤੇ ਉਹ ਕੇਵਲ ਸੂਤੀ ਧਾਗੇ ਵਾਲੀ ਡੋਰ ਹੀ ਵੇਚਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਉਹ ਚਾਈਨਾ ਡੋਰ ਨਹੀਂ ਵੇਚਣਗੇ ਅਤੇ ਜੇਕਰ ਕੋਈ ਵੇਚਦਾ ਪਾਇਆ ਗਿਆ, ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਹਾਇਕ ਵਾਤਾਵਰਨ ਇੰਜੀਨੀਅਰ ਜਤਿੰਦਰ ਕੁਮਾਰ, ਵਰੇਸ਼ ਓਹਰੀ, ਜੂਨੀਅਰ ਇੰਜੀਨੀਅਰ ਸੁਖਪ੍ਰੀਤ ਵੀ ਮੌਜੂਦ ਸਨ। ਇਸ ਦੌਰਾਨ ਸਾਰਿਆਂ ਨੂੰ ਕੱਪੜੇ ਅਤੇ ਜੂਟ ਦੇ ਬੈਗ ਵੀ ਵੰਡੇ ਗਏ।