ਦੋਆਬਾ ਪਬਲਿਕ ਸਕੂਲ ਦੋਹਲੜੋਂ ਮਾਹਿਲਪੁਰ ਵਿਚ ਦੱਸਵੀਂ ਕਲਾਸ ਦੀ ਵਿਦਿਆਰਥਣ ਦੀਕਸ਼ਾ ਨੇ ਆਪਣੀ ਅਨੌਖੀ ਕਲਾ ਨਾਲ ਵੋਟਰ ਜਾਗਰੂਕਤਾ ਸੰਦੇਸ਼ ਦਾ ਕੰਮ ਕੀਤਾ ਹੈ। ਸਕੂਲ ਦੀ ਚੇਅਰਪਰਸਨ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਦੇ ਲਈ ਦੀਕਸ਼ਾ ਵੱਲੋਂ 3500 ਵਰਗ ਫੁੱਟ ਵਿਚ ਇਕ ਸ਼ਾਨਦਾਰ ਰੰਗੋਲੀ ਬਣਾਈ ਗਈ। ਇਸ ਪ੍ਰੋਜੈਕਟ ਨਾਲ ਦੀਕਸ਼ਾ ਨੇ 3100 ਵਰਗ ਫੁੱਟ ਦੀ ਰੰਗੋਲੀ ਦਾ ਆਪਣਾ ਹੀ ਵਿਸ਼ਵ ਰਿਕਾਰਡ ਤੋੜ ਦਿੱਤਾ ਹੈ, ਜੋ ਉਸ ਨੇ ਖਟਕੜ ਕਲਾਂ ਵਿਚ ਬਣਾਇਆ ਸੀ। ਇਸ ਰੰਗੋਲੀ ਵਿਚ ਵੋਟਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੰਦੇਸ਼ ਦਿੱਤਾ ਗਿਆ ਹੈ। ਇਸ ਰੰਗੋਲੀ ਨੂੰ ਬਣਾਉਣ ਤੋਂ ਬਾਅਦ ਦੀਕਸ਼ਾ ਵਰਲਡਵਾਈਡ ਬੁੱਕ ਆਫ਼ ਰਿਕਾਰਡ ਲਈ ਨਾਮਜ਼ਦ ਹੋ ਗਈ ਹੈ। ਇਸ ਦੌਰਾਨ ਦੀਕਸ਼ਾ ਦੀ ਹੌਂਸਲਾ-ਅਫ਼ਜਾਈ ਕਰਨ ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ ਸਕੂਲ ਪਹੁੰਚੇ ਅਤੇ ਦੀਕਸ਼ਾ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਦੀਕਸ਼ਾ ਵੱਲੋਂ ਬਣਾਈ ਗਈ ਰੰਗੋਲੀ ਵਿਚ ਭਾਰਤੀ ਲੋਕਤੰਤਰ ਅਦਭੁਤ ਅਕਸ ਦੇਖਣ ਨੂੰ ਮਿਲਿਆ ਹੈ। ਵੱਖ-ਵੱਖ ਰੰਗਾਂ-ਫੁੱਲਾਂ ਰਾਹੀਂ ਬਣੀ ਰੰਗੋਲੀ ਵਿਚ ਇਕ ਪਾਸੇ ਭਾਰਤ ਮਾਤਾ ਦੀ ਕਲਾਕਾਰੀ ਬਣਾਈ ਹੈ, ਤਾਂ ਇਸ ਦੇ ਨਾਲ ਹੀ ਚਾਰ ਫੌਜਾਂ ਦਿਖਾਈਆਂ ਗਈਆਂ ਹਨ। ਇਸ ਤੋਂ ਇਲਾਵਾ ਵੋਟਾਂ ਪ੍ਰਤੀ ਚੋਣਾਂ ਦਾ ਪਰਵ, ਜ਼ਿੰਮੇਵਾਰੀ ਨਾਲ ਵੋਟ ਪਾਉਣ ਦਾ ਫਰਜ਼ ਜਾਗਰੂਕਤਾ ਦੀ ਤਸਵੀਰ ਦਿਖਾਈ ਗਈ ਹੈ।
ਦੀਕਸ਼ਾ ਦਾ ਇਹ ਯਤਨ ਉਸਦੀ ਸਮਰਪਣ ਅਤੇ ਰਚਨਾਤਮਕਤਾ ਨੂੰ ਦਰਸਾਉਂਦਾ ਹੈ। ਐਨੀ ਘੱਟ ਉਮਰ ਵਿਚ ਉਸ ਨੇ ਜੋ ਮੁਕਾਮ ਹਾਸਲ ਕੀਤਾ ਹੈ, ਉਹ ਪ੍ਰੇਰਣਾ ਸਰੋਤ ਹੈ। ਉਸਦੇ ਇਸ ਕੰਮ ਨੇ ਉਸ ਨੂੰ ਇਕ ਨਵੀਂ ਪਹਿਚਾਣ ਦਿਵਾਈ ਹੈ ਅਤੇ ਇਹ ਪ੍ਰਮਾਣਿਤ ਕੀਤਾ ਹੈ ਕਿ ਭਾਰਤੀ ਨੌਜਵਾਨ ਆਪਣੀ ਪ੍ਰਤਿਭਾ ਅਤੇ ਮਿਹਨਤ ਨਾਲ ਵਿਸ਼ਵ ਪੱਧਰ ’ਤੇ ਪਹਿਚਾਣ ਬਣਾ ਸਕਦੇ ਹਨ। ਦੀਕਸ਼ਾ ਨੇ ਦੱਸਿਆ ਕਿ ਉਹ ਭਵਿੱਖ ਵਿਚ ਇਕ ਸ਼ਾਨਦਾਰ ਕਲਾਕਾਰ ਬਣਨਾ ਚਾਹੁੰਦੀ ਹੈ। ਉਹ ਆਪਣਾ ਸੁਪਨਾ ਪੂਰਾ ਕਰਨ ਲਈ ਟੀਚੇ ਨੂੰ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਸ ਨੇ ਦੱਸਿਆ ਕਿ ਪਿਛਲੇ 11 ਦਿਨਾਂ ਤੋਂ ਉਸ ਵੱਲੋਂ ਤਿਆਰੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਕ ਪਾਸੇ ਜਿਥੇ ਵੋਟਾਂ ਸਬੰਧੀ ਵੱਖ-ਵੱਖ ਪ੍ਰਕਾਰ ਦੇ ਪੋਸਟਰ ਤਿਆਰ ਕੀਤੇ ਗਏ ਉਥੇ ਕਿਹੜੀਆਂ ਚੀਜਾਂ ਦਾ ਇਸ ਵਿਚ ਪ੍ਰਯੋਗ ਕੀਤਾ ਜਾਵੇ, ਤਾਂ ਜੋ ਘੱਟ ਬਜ਼ਟ ਵਿਚ ਬਿਹਤਰ ਸੰਦੇਸ਼ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਮਹਾਂਪਰਵ ਵਿਚ ਸਾਰਿਆਂ ਨੂੰ ਹੀ ਭਾਗੀਦਾਰੀ ਕਰਨੀ ਚਾਹੀਦੀ ਹੈ, ਇਸੇ ਉਦੇਸ਼ ਨਾਲ ਸਕੂਲ ਕੈਂਪਸ ਵਿਚ ਇਹ ਰੰਗੋਲੀ ਬਣਾਈ ਹੈ। ਅਜਿਹੇ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਸੰਦੇਸ਼ ਪਹੁੰਚੇ ਇਸ ਲਈ ਇਹ ਰੰਗੋਲੀ ਬਣਾਈ ਗਈ ਹੈ। ਪ੍ਰਿੰਸੀਪਲ ਅਰੁਣ ਗੁਪਤਾ ਨੇ ਦੱਸਿਆ ਕਿ ਦੀਕਸ਼ਾ ਦੇ ਇਸ ਸਫਰ ਵਿਚ ਉਸਦੇ ਪਰਿਵਾਰ, ਸਕੂਲ ਅਤੇ ਦੋਸਤਾਂ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਹਰ ਕਦਮ ’ਤੇ ਉਸਦਾ ਸਮਰਥਨ ਕੀਤਾ।
ਦੋਆਬਾ ਸਕੂਲ ਦੇ ਡਾਇਰੈਕਟਰ ਗੁਰਿੰਦਰ ਸਿੰਘ ਬੈਂਸ ਅਤੇ ਹਾਜ਼ਰ ਸਾਰੇ ਪਤਵੰਤੇ ਲੋਕਾਂ ਨੇ ਦੀਕਸ਼ਾ ਦੇ ਇਸ ਸ਼ਲਾਘਾਯੋਗ ਕਾਰਗੁਜਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਬੰਧ ਨਿਰਦੇਸ਼ਕ ਹਰਜਿੰਦਰ ਸਿੰਘ ਗਿੱਲ, ਸੁਖਵਿੰਦਰ ਕੌਰ ਗਿੱਲ ਅਤੇ ਸਮੂਹ ਸਟਾਫ ਨੇ ਦੀਕਸ਼ਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ, ਇਸ ਮੌਕੇ ਪੂਜਾ ਰਾਣੀ, ਸ਼ੈਲੀ ਸ਼ਰਮਨ, ਅਜੇ ਕੁਮਾਰੀ, ਵਿਨੇ ਕੁਮਾਰ, ਦੀਪਿਕਾ, ਪੂਨਮ ਬਾਲਾ ਅਤੇ ਕਮਲਪ੍ਰੀਤ ਸਿੰਘ ਮੌਜੂਦ ਸਨ।