ਸਾਂਝੇ ਹਮਲੇ ਨਾਲ ਡੇਂਗੂ ਨੂੰ ਹਰਾਇਆ ਜਾ ਸਕਦਾ ਹੈ: ਡਾ.ਜਗਦੀਪਸਿੰਘ

ਹੁਸ਼ਿਆਰਪੁਰ 16 ਮਈ 2024 ਅੱਜ ਕੌਮੀ ਡੇਂਗੂ ਦਿਵਸ ਮੌਕੇ ਸਿਵਲ ਸਰਜਨ ਡਾ.ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ “ਸਮਾਜ ਨਾਲ ਜੁੜੋ, ਡੇਂਗੂ ਨੂੰ ਕੰਟਰੋਲ ਕਰੋ “ਥੀਮ ਤਹਿਤ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਕਣਕ ਮੰਡੀ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਪੱਧਰੀ ਡੇਂਗੂ ਸੰਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ ।

                ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜਿਲ੍ਹਾ ਐਪੀਡਿਮੋਲੇਜਿਸਟ ਡਾ.ਜਗਦੀਪ ਸਿੰਘ ਵੱਲੋਂ ਵਿਦਿਆਰਥੀਆਂ ਵਿੱਚ ਡੇਂਗੂ ਸੰਬੰਧੀ ਕਵਿਜ਼ ਮੁਕਾਬਲਾ ਵੀ ਕਰਵਾਇਆ ਗਿਆ ਅਤੇ ਬੀਮਾਰੀ ਤੋਂ ਬਚਾਅ ਅਤੇ ਉਸਦੀ ਹੋਂਦ ਨੂੰ ਖਤਮ ਕਰਨ ਬਾਰੇ ਭਰਪੂਰ ਜਾਣਕਾਰੀ ਸਾਂਝੀ ਕੀਤੀ ਗਈ ।

                ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ.ਜਗਦੀਪ ਸਿੰਘ ਨੇ ਕਿਹਾ ਕਿ ਮੱਛਰਾਂ ਤੋਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਲਈ ਜਰੂਰੀ ਹੈ ਕਿ ਮੱਛਰਾਂ ਦੇ ਪੈਦਾ ਹੋਣ ਨੂੰ ਰੋਕਿਆ ਜਾਵੇ ।ਉਨਾਂ ਕਿਹਾ ਕਿ ਜੇਕਰ ਆਮ ਲੋਕ ਇਸ ਦੇ ਫੈਲਣ ਦੇ ਕਾਰਣਾਂ, ਬਚਾਅ ਸੰਬੰਧੀ ਸਾਵਧਾਨੀਆਂ ਅਤੇ ਇਸ ਦੇ ਲੱਛਣਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਹੋਣਗੇ ਤੱਦ ਹੀ ਅਸੀਂ ਡੇਂਗੂ ਦਾ ਖਾਤਮਾ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਕਿਸਮ ਦਾ ਗੰਭੀਰ ਬੁਖਾਰ ਹੈ ਜੋ ਕਿ ਮਾਦਾ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਸਵੇਰੇ ਅਤੇ ਸ਼ਾਮ ਵੇਲੇ ਕੱਟਦਾ ਹੈ। ਇਹ ਮੱਛਰ ਸਾਫ, ਖੁੱਲ੍ਹੇ ਅਤੇ ਖੜ੍ਹੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ,ਜਿਵੇਂ ਕਿ ਕੂਲਰਾਂ, ਗਮਲਿਆਂ ਅਤੇ ਫਰਿਜਾਂ ਦੀਆਂ ਟ੍ਰੇਆਂ, ਬਾਹਰ ਪਏ ਟਾਇਰਾਂ ਅਤੇ ਟੁੱਟੇ ਬਰਤਨਾਂ ਆਦਿ ਵਿੱਚ ਪਾਣੀ ਖੜ੍ਹਾ ਰਹੇ। ਇਸ ਲਈ ਜਰੂਰੀ ਹੈ ਕਿ ਆਪਣੇ ਆਪ ਦਾ ਮੱਛਰਾਂ ਤੋਂ ਬਚਾਅ ਕੀਤਾ ਜਾਵੇ। ਇਸ ਦੇ ਲਈ ਹਫਤੇ ਵਿੱਚ ਇੱਕ ਵਾਰ ਆਪਣੇ ਕੂਲਰਾਂ, ਗਮਲਿਆਂ, ਪੰਛੀਆਂ ਵਾਸਤੇ ਰੱਖੇ ਪਾਣੀ ਵਾਲੇ ਬਰਤਨਾਂ ਅਤੇ ਫਰਿੱਜ ਦੀ ਟ੍ਰੇਆਂ ਨੂੰ ਜਰੂਰ ਸਾਫ ਕੀਤਾ ਜਾਵੇ। ਵਿਹੜੇ ਵਿੱਚ ਅਤੇ ਛੱਤਾਂ ਉੱਪਰ ਪੁਰਾਣੇ ਟਾਇਰ ਅਤੇ ਟੁੱਟੇ ਬਰਤਨਾਂ ਆਦਿ ਵਿੱਚ ਪਾਣੀ ਖੜ੍ਹਾਂ ਨਾ ਹੋਣ ਦਿੱਤਾ ਜਾਵੇ।ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਉਨਾਂ ਕਿਹਾ ਕਿ ਅਜਿਹੇ ਕੱਪੜੇ ਪਹਿਨੋ ਕਿ ਜਿਸ ਨਾਲ ਸਰੀਰ ਪੂਰੀ ਤਰ੍ਹਾਂ ਢੱਕਿਆ ਰਹੇ।ਘਰਾਂ ਅਤੇ ਦਫਤਰਾਂ ਵਿੱਚ ਮੱਛਰ ਭਜਾਓ ਕਰੀਮਾਂ, ਤੇਲ ਆਦਿ ਦੀ ਵਰਤੋਂ ਕਰੋ ਅਤੇ ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਜ਼ਰੂਰ ਕਰੋ।

                ਇਸ ਮੌਕੇ ਹਾਜ਼ਰ ਮਲਟੀ ਪਰਪਜ਼ ਹੈਲਥ ਸੁਪਰਵਾਈਜ਼ ਤਰਸੇਮ ਲਾਲ ਨੇ ਡੇਂਗੂ ਦੇ ਲੱਛਣਾਂ ਬਾਰੇ ਜਿਕਰ ਕਰਦਿਆਂ ਦੱਸਿਆ ਕਿ ਡੇਂਗੂ ਨਾਲ ਤੇਜ਼ ਸਿਰ ਦਰਦ, ਤੇਜ਼ ਬੁਖਾਰ, ਮਾਸ਼ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ, ਅੱਖਾਂ ਦੇ ਪਿੱਛਲੇ ਹਿੱਸੇ ਵਿੱਚ ਦਰਦ, ਜੀਅ ਕੱਚਾ ਹੋਣਾ, ਉਲਟੀਆਂ ਆਉਣਾ, ਥਕਾਵਟ ਮਹਿਸੂਸ ਹੋਣੀ ਅਤੇ ਚਮੜੀ ਤੇ ਦਾਣ, ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਹੋ ਸਕਦੇ ਹਨ।ਉਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਵੀ ਲੱਛਣ ਦਿਖੇ ਤਾਂ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਜਾਂ ਸਿਹਤ ਕੇਂਦਰ ਜਾ ਕੇ ਖੂਨ ਦੀ ਜਾਂਚ ਕਰਵਾਉ ਅਤੇ ਡਾਕਟਰ ਦੀ ਸਲਾਹ ਲਵੋਂ, ਆਪਣੇ-ਆਪ ਕੋਈ ਦਵਾਈ ਨਾ ਲਓ।ਬੁਖਾਰ ਹੋਣ ਦੀ ਸੂਰਤ ਵਿੱਚ ਸਿਰਫ ਪੈਰਾਸੀਟਮੌਲ ਦੀ ਹੀ ਵਰਤੋਂ ਕੀਤੀ ਜਾਵੇ।ਐਸਪਰਿਨ ਜਾ ਬਰੂਫਨ ਦੀ ਵਰਤੋਂ ਨਾ ਕੀਤੀ ਜਾਵੇ ।ਡੇਂਗੂ ਬੁਖਾਰ ਦਾ ਟੈਸਟ ਅਤੇ ਸੁਪੋਰਟਿਵ ਇਲਾਜ ਜ਼ਿਲ੍ਹਾਂ ਹਸਪਤਾਲ ਵਿੱਚ ਮੁਫਤ ਕੀਤਾ ਜਾਦਾ ਹੈ।

                ਪ੍ਰੋਗਰਾਮ ਦੌਰਾਨ ਕਰਵਾਏ ਗਏ ਕਵਿਜ਼ ਮੁਕਾਬਲਾ ਦੇ ਜੇਤੂ ਵਿਦਿਆਰਥੀਆਂ ਦੀ ਟੀਮ ਪਹਿਲੇ, ਦੂਜੇ, ਤੀਜੇ ਸਥਾਨ ਤੇ ਆਉਣ ਤੇ ਸਿਹਤ ਵਿਭਾਗ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਕੂਲ ਪ੍ਰਿੰਸੀਪਲ ਸ਼੍ਰੀ ਪੁਨੀਤ ਕੁਮਾਰ ਵੱਲੋਂ ਸਿਹਤ ਵਿਭਾਗ ਦੀ ਸਮੂਹ ਟੀਮ ਦਾ ਧੰਨਵਾਦ ਕੀਤਾ ਗਿਆ ਅਤੇ ਵਿਦਿਆਰਥੀਆਂ ਵੱਲੋਂ ਇਹ ਜਾਣਕਾਰੀ ਅੱਗੇ ਸਾਂਝੀ ਕਰਨ ਦਾ ਭਰੋਸਾ ਦਿੱਤਾ ਗਿਆ । ਇਸ ਦੌਰਾਨ ਜਿਲ੍ਹਾ ਬੀਸੀਸੀ ਕਾਰਡੀਨੇਟਰ ਅਮਨਦੀਪ ਸਿੰਘ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ ਜਸਵਿੰਦਰ ਸਿੰਘ,ਰਾਕੇਸ਼ ਕੁਮਾਰ ਅਤੇ ਆਧਿਆਪਕ ਸ਼੍ਰੀ ਮੁਧੂ ਸੂਦਨ ਹਾਜ਼ਰ ਸਨ ।

Leave a Reply

Your email address will not be published. Required fields are marked *