ਜਿਸ ਤਰ੍ਹਾਂ ਨੇਤਰ ਦਾਨ ਇੱਕ ਅੰਦੋਲਨ ਦਾ ਰੂਪ ਲੈ ਚੁੱਕਾ ਹੈ ਉਸੀ ਤਰ੍ਹਾਂ ਮਰਨ ਉਪਰੰਤ ਸਰੀਰ ਦਾਨ ਨੂੰ ਲੈ ਕੇ ਵੀ ਲੋਕ ਜਾਗਰੂਕ ਹੋ ਰਹੇ ਹਨ। ਕਿਉਂਕਿ ਸਰੀਰ ਦਾਨ ਕਰਨ ਨਾਲ ਮੈਡੀਕਲ ਸਾਇੰਸ ਵਿੱਚ ਨਵੀਂ ਖੋਜ ਅਤੇ ਤਕਨੀਕ ਵਿਕਸਤ ਕਰਨ ਵਿੱਚ ਸਹਿਯੋਗ ਮਿਲਦਾ ਹੈ । ਇਹ ਵਿਚਾਰ ਰੋਟਰੀ ਆਈ ਬੈਂਕ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਨੇ ਸਰੀਰ ਦਾਨ ਕਰਨ ਦਾ ਫਾਰਮ ਭਰਨ ਵਾਲੇ ਜੋੜੇ ਸ. ਇਕਬਾਲ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸੰਤੋਸ਼ ਬਾਲਾ ਵਾਸੀ ਮਾਊਂਟ ਐਵਨਿਊ ਨੂੰ ਸਨਮਾਨਿਤ ਕਰਦੇ ਹੋਏ ਪ੍ਰਗਟ ਕੀਤੇ। ਇਸ ਮੌਕੇ ਸੰਤੋਸ਼ ਬਾਲਾ ਨੇ ਦੱਸਿਆ ਕਿ ਉਹਨਾਂ ਦੀ ਭੈਣ ਦੀ ਮੌਤ 17 ਸਾਲ ਪਹਿਲਾਂ ਲੀਵਰ ਦੀ ਬੀਮਾਰੀ ਕਾਰਨ ਹੋਈ ਸੀ, ਉਦੋਂ ਹੀ ਉਹਨਾਂ ਨੇ ਧਾਰ ਲਿਆ ਸੀ ਕਿ ਉਹ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨਗੇ। ਅੱਜ ਉਹ ਆਪਣੇ ਪਤੀ ਸਮੇਤ ਮਰਨ ਉਪਰੰਤ ਸਰੀਰ ਦਾਨ ਕਰਨ ਦਾ ਫਾਰਮ ਭਰ ਕੇ ਰੋਟਰੀ ਆਈ ਬੈਂਕ ਦੇ ਪ੍ਰਧਾਨ ਸੰਜੀਵ ਅਰੋੜਾ ਅਤੇ ਹੋਰਾਂ ਨੂੰ ਸੌਂਪ ਰਹੇ ਹਨ। ਇਸ ਮੌਕੇ ਸੰਜੀਵ ਅਰੋੜਾ ਨੇ ਕਿਹਾ ਕਿ ਨੇਤਰਦਾਨ ਅਤੇ ਸਰੀਰ ਦਾਨ ਦੇ ਪ੍ਰਤੀ ਜਾਗਰੂਕਤਾ ਨਾਲ ਹੀ ਕੋਰਨੀਆ ਬਲਾਈਂਡਨੈਸ ਨੂੰ ਦੂਰ ਕਰਕੇ ਪੀੜਿਤ ਨੂੰ ਨਵੀਂ ਰੌਸ਼ਨੀ ਦੇਣਾ ਅਤੇ ਮੈਡੀਕਲ ਸਾਇੰਸ ਨੂੰ ਉਤਸ਼ਾਹਿਤ ਕਰਨ ਦਾ ਇਹ ਸਭ ਤੋਂ ਵਧੀਆ ਸਾਧਨ ਹੈ। ਇਸਦੇ ਨਾਲ ਜਿੱਥੇ ਕਈ ਲੋਕਾਂ ਨੂੰ ਨਵੀਂ ਰੌਸ਼ਨੀ ਮਿਲ ਰਹੀ ਹੈ ਉਥੇ ਹੀ ਮਰਨ ਉਪਰੰਤ ਸਰੀਰ ਦਾਨ ਕਰਨ ਨਾਲ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਨੂੰ ਮਦਦ ਮਿਲਦੀ ਹੈ। ਇਸ ਪੁੰਨ ਦੇ ਕੰਮ ਲਈ ਸ. ਇਕਬਾਲ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਸੰਤੋਸ਼ ਬਾਲਾ ਨੇ ਸਮਾਜ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਹੈ ਅਤੇ ਉਹਨਾਂ ਦੀ ਇਹ ਮਿਸਾਲ ਸਮਾਜ ਸੇਵਾ ਲਈ ਕੁਝ ਕਰਨ ਦਾ ਜਜ਼ਬਾ ਰੱਖਣ ਵਾਲਿਆਂ ਲਈ ਹਮੇਸ਼ਾ ਪ੍ਰੇਰਨਾ ਦਾ ਕੰਮ ਕਰੇਗੀ। ਸ਼੍ਰੀ ਅਰੋੜਾ ਨੇ ਜੋੜੇ ਨੂੰ ਦੱਸਿਆ ਕਿ ਹੁਣ ਤੱਕ ਰੋਟਰੀ ਆਏ ਬੈਂਕ ਦੀ ਪ੍ਰੇਰਨਾ ਨਾਲ 24 ਲੋਕ ਸਰੀਰ ਦਾਨ ਕਰ ਚੁੱਕੇ ਹਨ।
ਇਸ ਮੌਕੇ ਪ੍ਰੋ. ਦਲਜੀਤ ਸਿੰਘ, ਵੀਨਾ ਚੋਪੜਾ ਅਤੇ ਪ੍ਰੋ. ਜਸਵੰਤ ਸਿੰਘ ਨੇ ਦੱਸਿਆ ਕਿ ਨੇਤਰਦਾਨ ਅਤੇ ਸਰੀਰ ਦਾਨ ਇਕ ਅਜਿਹਾ ਦਾਨ ਹੈ ਜੋ ਮਰਨ ਉਪਰੰਤ ਕਰਨਾ ਹੁੰਦਾ ਹੈ । ਇਸ ਲਈ ਸਾਨੂੰ ਜਿਉਂਦੇ ਜੀ ਫਾਰਮ ਭਰ ਕੇ ਆਪਣੀ ਇੱਛਾ ਜਾਹਰ ਕਰਨੀ ਹੁੰਦੀ ਹੈ ਤਾਂ ਕਿ ਵਿਅਕਤੀ ਦੇ ਜਾਣ ਤੋਂ ਬਾਅਦ ਕੋਈ ਰੁਕਾਵਟ ਨਾ ਪੇਸ਼ ਆਏ ਅਤੇ ਸਮਾਜ ਸੇਵਾ ਦਾ ਮਨੋਰਥ ਵੀ ਪੂਰਾ ਹੋ ਸਕੇ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਜਾਗਰੂਕਤਾ ਦੇ ਨਾਲ ਜਿੱਥੇ ਨੇਤਰਹੀਨਤਾ ਨੂੰ ਖਤਮ ਕੀਤਾ ਜਾ ਸਕਦਾ ਹੈ ਉਥੇ ਹੀ ਮੈਡੀਕਲ ਦੀ ਪੜ੍ਹਾਈ ਕਰ ਰਹੇ ਬੱਚਿਆਂ ਦੇ ਲਈ ਮਨੁੱਖੀ ਸਰੀਰ ਨਾਲ ਜੂੜੀ ਖੋਜ ਨੂੰ ਹੋਰ ਵਿਸਥਾਰ ਦੇ ਨਾਲ ਕਰਨ ਵਿੱਚ ਸਫਲਤਾ ਮਿਲੇਗੀ । ਇਸ ਮੌਕੇ ਤੇ ਪ੍ਰੋ. ਦਲਜੀਤ ਸਿੰਘ, ਵੀਨਾ ਚੋਪੜਾ ਅਤੇ ਪ੍ਰੋ. ਜਸਵੰਤ ਸਿੰਘ ਵੀ ਮੌਜੂਦ ਸਨ।
ਕੈਪਸ਼ਨ – ਸਰੀਰ ਦਾਨ ਫਾਰਮ ਭਰਨ ਵਾਲੇ ਜੋੜੇ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਹੋਰ।