ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ ਨੇ ਦਾਣਾ ਮੰਡੀ ਹੁਸ਼ਿਆਰਪੁਰ ਵਿਚ ਕਣਕ ਦੀ ਖ਼ਰੀਦ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਦੇ ਨਿਰਦੇਸ਼ਾਂ ’ਤੇ ਹੁਸ਼ਿਆਰਪੁਰ ਸਬ ਡਵੀਜਨ ਵਿਚ ਕਣਕ ਦੀ ਨਿਰਵਿਘਨ ਖਰੀਦ ਯਕੀਨੀ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ, ਬਲਕਿ ਕਿਸਾਨਾਂ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਨਿਰਵਿਘਨ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜਨ ਨੂੰ ਸੁਚਾਰੂ ਢੰਗ ਨਾਲ ਸਿਰੇ ਚਾੜ੍ਹਨ ਲਈ ਪ੍ਰਸ਼ਾਸਨ ਵਚਨਬੱਧ ਹੈ ਅਤੇ ਖਰੀਦ ਦੌਰਾਨ ਕਿਸਾਨਾਂ ਨੂੰ ਅਦਾਇਗੀ, ਲਿਫਟਿੰਗ ਅਤੇ ਬਾਰਦਾਨੇ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾ ਰਹੀ।
ਐਸ.ਡੀ.ਐਮ ਨੇ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਮੰਡੀਆਂ ਵਿਚ ਸੁੱਕੀ ਅਤੇ ਪੱਕੀ ਹੋਈ ਕਣਕ ਹੀ ਲੈ ਕੇ ਆਉਣ ਤਾਂ ਜੋ ਨਮੀ ਦੀ ਵੱਧ ਮਾਤਰਾ ਹੋਣ ਨਾਲ ਕਿਸਾਨਾਂ ਨੂੰ ਮੰਡੀਆਂ ਵਿਚ ਇੰਤਜਾਰ ਨਾ ਕਰਨਾ ਪਵੇ। ਉਨ੍ਹਾਂ ਮੰਡੀ ਅਫ਼ਸਰਾਂ ਨੂੰ ਮੰਡੀ ਵਿਚ ਬਿਜਲੀ, ਕਿਸਾਨਾਂ ਲਈ ਸ਼ੈਡ, ਪੀਣ ਵਾਲੇ ਪਾਣੀ ਆਦਿ ਲਈ ਜ਼ਰੂਰੀ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਡੀ.ਐਮ ਮਾਰਕਫੈਡ ਸੰਜੀਵ ਅਰੋੜਾ, ਸਕੱਤਰ ਮਾਰਕੀਟ ਕਮੇਟੀ, ਖੁਰਾਕ ਤੇ ਸਪਲਾਈ ਵਿਭਾਗ ਦੇ ਇੰਸਪੈਕਟਰ, ਪਨਗ੍ਰੇਨ ਦੇ ਇੰਸਪੈਕਟਰ, ਵੇਅਰ ਹਾਊਸ ਦੇ ਗ੍ਰੇਡਿੰਗ ਅਸਿਸਟੈਂਟ ਅਤੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਸਨ।