ਰੋਟਰੀ ਆਈ ਬੈਂਕ ਅਤੇ ਕੋਰਨੀਆ ਟ੍ਰਾਂਸਪਲਾਂਟ ਸੁਸਾਇਟੀ ਵਲੋਂ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਦੀ ਸਰਪਰਸਤੀ ਵਿੱਚ ਸਰਬ ਸਾਂਝਾ ਦਰਬਾਰ ਕਾਂਟੀਆਂ ਸ਼ਰੀਫ ਹੁਸ਼ਿਆਰਪੁਰ ਦੇ ਗੱਦੀ ਨਸ਼ੀਨ ਮਾਲਿਕ ਸਾਹਿਬ ਜੋਤ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਜਨਸੇਵਾ ਦੇ ਲਈ ਕੋਰਨੀਅਲ ਬਲਾਇੰਡਨੈਸ ਚੈਕਅਪ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਹਜ਼ੂਰ ਸਾਹਿਬ ਜੋਤ ਜੀ ਮਹਾਰਾਜ ਵਲੋਂ ਧਾਰਮਿਕ ਰਸਮ ਨਾਲ ਕੀਤਾ ਗਿਆ।
ਇਸ ਮੌਕੇ ਤੇ ਸੰਕਾਰਾ ਆਈ ਹਸਪਤਾਲ ਲੁਧਿਆਣਾ ਤੋਂ ਪੁੱਜੀ ਟੀਮ ਦੇ ਡਾਕਟਰ ਦਿਲਜੋਤ ਸਿੰਘ ਅਤੇ ਉਨਾਂ ਦੀ ਟੀਮ ਵਿੱਚ ਹਰਮਨਪ੍ਰੀਤ ਕੌਰ, ਹਰਦੀਪ ਕੌਰ, ਨਰਿੰਦਰਪਾਲ ਸਿੰਘ ਅਤੇ ਆਰਤੀ ਨੇ 270 ਅੱਖਾਂ ਤੋਂ ਪੀੜਿਤ ਮਰੀਜ਼ਾਂ ਦਾ ਚੈਕਅਪ ਕੀਤਾ ਅਤੇ ਦਵਾਈਆਂ ਮੁਫਤ ਦਿੱਤੀਆਂ। ਜਿਸ ਵਿੱਚ 18 ਮਰੀਜ ਜਿਹੜੇ ਕਰੋਨੀਆ ਬਲਾਇੰਡਨੈਸ ਤੋਂ ਪੀੜਿਤ ਸਨ ਉਨਾਂ ਦੇ ਜਲਦੀ ਹੀ ਰੋਟਰੀ ਆਈ ਬੈਂਕ ਦੁਆਰਾ ਸੰਕਾਰਾ ਆਈ ਹਸਪਤਾਲ ਲੁਧਿਆਣਾ ਵਿਖੇ ਮੁਫਤ ਆਪ੍ਰੇਸ਼ਨ ਕਰਵਾ ਦਿੱਤੇ ਜਾਣਗੇ ਤਾਂਕਿ ਇਸ ਸੁਹਣੇ ਸੰਸਾਰ ਨੂੰ ਦੇਖ ਸਕਣ।
ਇਸ ਮੌਕੇ ਤੇ ਪ੍ਰਧਾਨ ਸੰਜੀਵ ਅਰੋੜਾ ਨੇ ਸੁਸਾਇਟੀ ਦੁਆਰਾ ਕੀਤੇ ਜਾ ਰਹੇ ਅੱਖਾਂ ਦੇ ਦਾਨ ਸੰਬਧੀ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਦੇ ਹੋਏ ਕਿਹਾ ਕਿ ਰੋਟਰੀ ਆਈ ਬੈਂਕ ਵਲੋਂ ਹੁਣ ਤੱਕ 4060 ਤੋਂ ਜ਼ਿਆਦਾ, ਜਿਹੜੇ ਲੋਕ ਹਨੇਰੀ ਜ਼ਿੰਦਗੀ ਬਤੀਤ ਕਰ ਰਹੇ ਸਨ ਉਨਾਂ ਨੂੰ ਰੋਟਰੀ ਆਈ ਬੈਂਕ ਵਲੋਂ ਰੋਸ਼ਨੀ ਪ੍ਰਦਾਨ ਕੀਤੀ ਜਾ ਚੁੱਕੀ ਹੈ ਅਤੇ ਸ਼੍ਰੀ ਅਰੋੜਾ ਨੇ ਦੱਸਿਆ ਕਿ ਜਦੋਂ ਤੋ ਸ਼ਹਿਰਾਂ ਅਤੇ ਕਸਬਿਆਂ ਦੇ ਨਾਲ-ਨਾਲ ਪਿੰਡਾਂ ਵਿੱਚ ਵੀ ਕੋਰਨੀਆ ਬਲਾਇੰਡਨੈਸ ਚੈਕਅਪ ਕੈਂਪ ਲਗਾਉਣੇ ਸ਼ੁਰੂ ਕੀਤੇ ਹਨ ਉਸ ਦਾ ਜ਼ਰੂਰਤਮੰਦ ਲੋਕਾਂ ਨੂੰ ਕਾਫੀ ਲਾਭ ਮਿਲ ਰਿਹਾ ਹੈ।
ਇਸ ਮੌਕੇ ਤੇ ਪ੍ਰਿੰ.ਡੀ.ਕੇ.ਸ਼ਰਮਾ ਅਤੇ ਸੀਨੀਅਰ ਮੈਂਬਰ ਵਿਜੈ ਅਰੋੜਾ ਨੇ ਕਿਹਾ ਕਿ ਜਿਹੜੇ ਅੰਨ੍ਹੇਪਣ ਦਾ ਸ਼ਿਕਾਰ ਹਨ ਉਨਾਂ ਨੂੰ ਰੋਸ਼ਨੀ ਦੇਣ ਦੇ ਲਈ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ ਦਾਨ ਕਰਨ ਦੇ ਲਈ ਸਾਨੂੰ ਅੱਖਾਂ ਦਾਨ ਕਰਨ ਦਾ ਸਹੁੰ ਪੱਤਰ ਭਰਨਾ ਚਾਹੀਦਾ ਹੈ ਤਾਂਕਿ ਜਿਹੜੇ ਲੋਕ ਹਨੇਰੀ ਜ਼ਿੰਦਗੀ ਜੀਅ ਰਹੇ ਹਨ ਉਨਾਂ ਦਾ ਜੀਵਨ ਵੀ ਰੋਸ਼ਨ ਹੋ ਸਕੇ ਅਤੇ ਉਨਾਂ ਨੇ ਦੱਸਿਆ ਕਿ ਅੱਖਾਂ ਪ੍ਰਾਪਤ ਕਰਨ ਤੋਂ ਲੈਕੇ ਕੋਰਨੀਆ ਬਲਾਇੰਡਨੈਸ ਦਾ ਆਪ੍ਰੇਸ਼ਨ ਕਰਵਾ ਕੇ ਉਸ ਨੂੰ ਅੱਖਾਂ ਪੁਆਉਣ ਅਤੇ ਦਵਾਈ ਆਦਿ ਦਾ ਪੂਰਾ ਖਰਚ ਸੁਸਾਇਟੀ ਵਲੋਂ ਕੀਤਾ ਜਾਂਦਾ ਹੈ, ਜਿਸ ਵਿੱਚ ਦਾਨੀ ਸੱਜਣਾਂ ਦਾ ਖਾਸ ਯੋਗਦਾਨ ਰਹਿੰਦਾ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਅੱਖਾਂ ਦਾ ਖਾਸ ਧਿਆਨ ਰੱਖਣ ਅਤੇ ਅੱਖਾਂ ਦਾਨ ਦੇ ਪ੍ਰਤੀ ਖੁਦ ਜਾਗਰੂਕ ਹੋਣ ਦੇ ਨਾਲ-ਨਾਲ ਦੂਜਿਆਂ ਨੂੰ ਵੀ ਜਾਗਰੂਕ ਕਰਨ। ਕੈਂਪ ਦੇ ਦੋਰਾਨ ਹਜੂਰ ਸਾਹਿਬ ਜੋਤ ਜੀ ਮਹਾਰਾਜ ਜੀ ਵਲੋਂ ਡਾਕਟਰਾਂ ਦੀ ਟੀਮ ਅਤੇ ਸੁਸਾਇਟੀ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਫੋਟੋ: ਕੈਂਪ ਦਾ ਉਦਘਾਟਨ ਕਰਦੇ ਹੋਏ ਹਜੂਰ ਸਾਹਿਬ ਜੋਤ ਜੀ ਮਹਾਰਾਜ, ਨਾਲ ਹਨ ਪ੍ਰਧਾਨ ਅਤੇ ਪ੍ਰਮੁੱਖ ਸਮਾਜ ਸੇਵੀ ਸੰਜੀਵ ਅਰੋੜਾ ਅਤੇ ਹੋਰ