ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ ਵਿਦਿਆਰਥਣ ਦੀ ਇਸਰੋ ਵੱਲੋਂ ਚੋਣ

ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ ਵਿਦਿਆਰਥਣ ਦੀ ਇਸਰੋ ਵੱਲੋਂ ਚੋਣ

ਸਾਇੰਸ ਮਾਸਟਰ ਅਮਨਪ੍ਰੀਤ ਸਿੰਘ ਦੀ ਮਿਹਨਤ ਰੰਗ ਲਿਆਈ।

ਭਾਰਤੀ ਪੁਲਾੜ ਖੋਜ ਸੰਸਥਾ ਬੈਂਗਲੂਰੂ ਵੱਲੋਂ ਯੁਵਿਕਾ 2024 ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਕੰਢੀ ਖੇਤਰ ਵਿਚਲੇ ਪੇਂਡੂ ਸਕੂਲ ਸਰਕਾਰੀ ਹਾਈ ਸਕੂਲ ਜੁਝਾਰ ਚਠਿਆਲ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਦੀ ‘ਯੰਗ ਸਾਇੰਟਿਸਟ ਪ੍ਰੋਗਰਾਮ’ ਵਿੱਚ ਚੋਣ ਹੋਈ ਹੈ ਜਿਸ ਨਾਲ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਹੈ।
ਵਿਦਿਆਰਥਣ ਦੇ ਗਾਈਡ ਅਧਿਆਪਕ ਸਾਇੰਸ ਮਾਸਟਰ ਅਮਨਪ੍ਰੀਤ ਸਿੰਘ ਨੇ ਇਸ ਮੌਕੇ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਇਸਰੋ ਵੱਲੋਂ ਯੁਵਿਕਾ 2024 ਵਿੱਚ ਵਿਦਿਆਰਥੀਆਂ ਦੀ ਚੋਣ ਕਰਨ ਲਈ ਨੈਸ਼ਨਲ ਪੱਧਰ ਤੇ ਇੱਕ ਪ੍ਰੀਖਿਆ ਲਈ ਗਈ ਸੀ, ਜਿਸ ਵਿੱਚ ਅਰਸ਼ਪ੍ਰੀਤ ਕੌਰ ਵੱਲੋਂ ਸਫਲਤਾ ਹਾਸਲ ਕਰਨਾ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ। ਉਹਨਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਦੀ ਚੋਣ ਕਰਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਪੁਲਾੜ ਵਿਗਿਆਨ, ਪੁਲਾੜ ਤਕਨੀਕ ਸਬੰਧੀ ਮੁਢਲੀ ਜਾਣਕਾਰੀ ਦੇਣਾ ਹੈ ਤਾਂ ਕਿ ਵਿਦਿਆਰਥੀ ਜੀਵਨ ਤੋਂ ਹੀ ਉਹਨਾਂ ਵਿੱਚ ਵਿਗਿਆਨ, ਤਕਨੀਕ, ਇੰਜੀਨੀਅਰਿੰਗ, ਗਣਿਤ (ਸਟੈਮ) ਸਬੰਧੀ ਖੋਜ ਰੁਚੀਆਂ ਨੂੰ ਉਤਸਾਹਿਤ ਕੀਤਾ ਜਾ ਸਕੇ। ਇਹ ਪ੍ਰੋਗਰਾਮ ਸਕੂਲ ਜਾਣ ਵਾਲੇ ਬੱਚਿਆਂ ਨੂੰ ਵਿਗਿਆਨ ਖੇਤਰ ਵਿੱਚ ਹੋ ਰਹੀਆਂ ਖੋਜਾਂ ਨੂੰ ਨੇੜੇ ਤੋਂ ਦੇਖਣ ਤੇ ਜਾਨਣ ਦਾ ਮੌਕਾ ਪ੍ਰਦਾਨ ਕਰਦਾ ਹੈ। ਦੋ ਹਫਤਿਆਂ ਦੇ ਇਸ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਕਰਵਾਉਣਾ, ਰੋਬੋਟ ਬਾਰੇ ਜਾਣਕਾਰੀ ਦੇਣਾ, ਇਸਰੋ ਦੇ ਵਿਗਿਆਨੀਆਂ ਨਾਲ ਰੂਬਰੂ ਆਦਿ ਸ਼ਾਮਿਲ ਹਨ।
ਚੁਣੀ ਗਈ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੂੰ ਇੰਡੀਅਨ ਇੰਸਟੀਟਿਊਟ ਆਫ ਰਿਮੋਟ ਸੈਂਸਿੰਗ ਦੇਹਰਾਦੂਨ ਉੱਤਰਾਖੰਡ ਵਿਖੇ ਦੋ ਹਫਤੇ ਰਹਿਣ ਦਾ ਮੌਕਾ ਮਿਲੇਗਾ ਜਿੱਥੇ ਕਿ ਨਵਾਂ ਸਿੱਖਣ ਦੇ ਬੇਅੰਤ ਮੌਕੇ ਮਿਲਣਗੇ।
ਇਸ ਮੌਕੇ ਸਕੂਲ ਇੰਚਾਰਜ ਸਤਪਾਲ, ਅੰਮ੍ਰਿਤਪਾਲ ਸਿੰਘ, ਕੁਮਾਰ ਗੌਰਵ, ਕਰਨੈਲ ਸਿੰਘ, ਜਸਵਿੰਦਰ ਸਿੰਘ, ਸੰਜੇ ਬਾਵਾ, ਵਿਨੋਦ ਕੁਮਾਰ, ਇਕਬਾਲ ਸਿੰਘ, ਮਮਤਾ, ਇਕਬਾਲ ਕੌਰ, ਬਰਿੰਦਰ ਕੌਰ ਸਮੇਤ ਸਮੂਹ ਸਟਾਫ ਨੇ ਅਰਸ਼ਪ੍ਰੀਤ ਕੌਰ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *