ਭਾਈ ਘਨੱਈਆ ਜੀ ਵੈਲਫੇਅਰ ਸੁਸਾਇਟੀ ਵੱਲੋਂ ਭਾਈ ਘਨੱਈਆ ਜੀ ਦੇ 320ਵੇਂ ਸੇਵਾ ਦਿਵਸ ਨੂੰ ਸਮਰਪਿਤ ਭਾਈ ਘਨੱਈਆ ਜੀ ਚੈਰੀਟੇਬਲ ਕਲੀਨਿਕਲ ਲੈਬਾਰਟਰੀ ਦਾ ਉਦਘਾਟਨ ਮਹੰਤ ਪ੍ਰਿਤਪਾਲ ਸਿੰਘ ਜੀ ਮਿੱਠਾ ਟਿਵਾਣਾ ਗੁਰਦੁਆਰਾ ਵਾਲਿਆਂ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਜਗਮੀਤ ਸਿੰਘ ਸੇਠੀ ਨੇ ਭਾਈ ਘਨੱਈਆ ਜੀ ਦੇ ਜੀਵਨ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮਲਹਮ ਦੀ ਡੱਬੀ ਦੀ ਬਖਸ਼ੀਸ਼ ਜੋ ਕਿ ਸੇਵਾ ਦਿਵਸ ਵਜੋਂ ਮਨਾਈ ਜਾਂਦੀ ਹੈ, ਇਹ ਬਖਸ਼ੀਸ਼ ਗੁਰੂ ਸਾਹਿਬ ਨੇ 1704 ਈ ਵਿੱਚ ਮੈਦਾਨ-ਏ-ਜੰਗ ਵਿੱਚ ਭਾਈ ਘਨੱਈਆ ਜੀ ਵੱਲੋਂ ਕੀਤੀ ਜਾ ਰਹੀ ਜਲ ਸੇਵਾ ਤੋਂ ਪ੍ਰਸੰਨ ਹੋ ਕੇ ਇਹ ਬਖਸ਼ੀਸ਼ ਦਿੱਤੀ ਸੀ। ਇਸ ਮੌਕੇ ਪ੍ਰਧਾਨ ਸੇਠੀ ਨੇ ਕਿਹਾ ਕਿ ਕਲੀਨਿਕੀ ਲੈਬਾਰਟਰੀ ਵਿੱਚ ਬਹੁਤ ਘੱਟ ਦਰਾਂ ‘ਤੇ ਹਰ ਤਰ੍ਹਾਂ ਦੇ ਟੈਸਟ ਨਵੀਨਤਮ ਕੰਪਿਊਟਰਾਈਜ਼ਡ ਮਸ਼ੀਨਾਂ ਰਾਹੀਂ ਕੀਤੇ ਜਾਣਗੇ ਤਾਂ ਜੋ ਇੱਕ ਗਰੀਬ ਵਿਅਕਤੀ ਵੀ ਇਸ ਲੈਬਾਰਟਰੀ ਵਿੱਚ ਆਪਣੇ ਹਰ ਤਰ੍ਹਾਂ ਦੇ ਟੈਸਟ ਕਰਵਾ ਸਕੇ। ਇਹ ਲੈਬਾਰਟਰੀ ਗੁਰਦੁਆਰਾ ਨਾਮਧਾਰੀ ਧਰਮਸ਼ਾਲਾ, ਜਲੰਧਰ ਰੋਡ, ਕਮਾਲਪੁਰ ਵਿਖੇ ਖੋਲ੍ਹੀ ਗਈ ਹੈ ਜੋ ਸਰਕਾਰੀ ਹਸਪਤਾਲ ਦੇ ਨੇੜੇ ਸਥਿਤ ਹੈ। ਮਹੰਤ ਪ੍ਰਿਤਪਾਲ ਜੀ ਨੇ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਲਈ ਸੰਸਥਾ ਨੂੰ ਆਪਣਾ ਆਸ਼ੀਰਵਾਦ ਦਿੱਤਾ। ਸੰਸਥਾ ਦੇ ਕੈਸ਼ੀਅਰ ਗੁਰਜੀਤ ਸਿੰਘ ਵਧਾਵਨ ਅਤੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੈਬਾਰਟਰੀ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹੀ ਰਹੇਗੀ। ਕੋਈ ਵੀ ਵਿਅਕਤੀ ਚੈਰੀਟੇਬਲ ਰੇਟਾਂ ‘ਤੇ ਹਰ ਤਰ੍ਹਾਂ ਦੇ ਟੈਸਟ ਕਰਵਾ ਸਕਦਾ ਹੈ ਅਤੇ ਉਨ੍ਹਾਂ ਨੇ ਇਸ ਸ਼ੁਭ ਮੌਕੇ ‘ਤੇ ਆਉਣ ਅਤੇ ਸਹਿਯੋਗ ਕਰਨ ਲਈ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਹਾਦਰ ਸਿੰਘ ਸੁਨੇਤ, ਦਿਲਬਾਗ ਸਿੰਘ, ਓਂਕਾਰ ਸਿੰਘ ਭਾਰਜ, ਪ੍ਰੋ. ਦਲਜੀਤ ਸਿੰਘ, ਜਸਬੀਰ ਸਿੰਘ ਜੱਸੀ, ਐਸ.ਐਸ. ਦੂਆ, ਗੁਰਜੀਤ ਸਿੰਘ ਵਧਾਵਨ, ਕੁਲਵੰਤ ਪਸਰੀਚਾ, ਕੁਲਵਿੰਦਰ ਸਿੰਘ ਸਚਦੇਵਾ, ਰਣਜੀਤ ਸਿੰਘ ਚਾਵਲਾ, ਐਚ.ਐਸ. ਨਾਰੰਗ, ਇਸ਼ਪੂਨੀਤ ਸਿੰਘ ਸਾਹਨੀ, ਸਰਵਣ ਸਿੰਘ, ਡਾ. ਸੇਠੀ, ਡਾ. ਗਗਨਦੀਪ ਕੌਰ, ਜੇ.ਐਸ. ਮਿਨਹਾਸ, ਦਿਆਲ ਸਿੰਘ ਚਾਵਲਾ, ਰਛਪਾਲ ਸਿੰਘ, ਲਾਲ ਸਿੰਘ, ਸ੍ਰੀਮਤੀ ਜਸਬੀਰ ਕੌਰ, ਪ੍ਰੋ. ਗੁਰਪ੍ਰੀਤ ਸਿੰਘ ਸੇਠੀ ਅਤੇ ਹਰਜੀਤ ਸਿੰਘ ਸੇਠੀ ਆਦਿ ਹਾਜ਼ਰ ਸਨ।