ਆਰ.ਬੀ.ਐਸ.ਕੇ ਅਧੀਨ ਸਾਲ 2023-24 ਦੌਰਾਨ ਪਹਿਚਾਣ ਕੀਤੇ ਜਮਾਂਦਰੂ ਰੋਗਾਂ ਵਾਲੇ 24 ਬੱਚਿਆਂ ਦਾ ਮੁਫਤ ਇਲਾਜ ਉੱਚ ਸਿਹਤ ਸੰਸਥਾਵਾਂ ਵਿੱਚ ਸਫਲਤਾਪੂਰਵਕ ਮੁਕੰਮਲ: ਸਿਵਲ ਸਰਜਨ ਡਾ ਡਮਾਣਾ


ਹੁਸ਼ਿਆਰਪੁਰ 28 ਮਾਰਚ 2024 ਰਾਸ਼ਟਰੀ ਬਾਲ ਸਵਾਸਥ ਕਾਰਿਆਕਰਮ (ਆਰਬੀਐਸਕੇ) ਅਧੀਨ ਚੰਗੀਆਂ ਸਿਹਤ ਸਹੂਲਤਾਂ ਵੱਲ ਕਦਮ ਵਧਾਉਂਦੇ ਹੋਏ 0 ਤੋਂ 18 ਸਾਲ ਤੱਕ ਦੇ ਬੱਚਿਆਂ ਦੀ ਸਿਹਤ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸੰਬੰਧੀ ਵਿੱਚ ਇਕ ਖਾਸ ਪ੍ਰੋਗਰਾਮ ਦਾ ਆਯੋਜਨ ਡੀ.ਈ.ਆਈ.ਸੀ ਟੀਮ ਵੱਲੋਂ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਪ੍ਰਧਾਨਗੀ ਅਤੇ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ ਕੀਤਾ ਗਿਆ।

                ਇਸ ਵਿਸ਼ੇਸ਼ ਪ੍ਰੋਗਰਾਮ ਵਿਚ ਠੀਕ ਹੋ ਚੁੱਕੇ ਬੱਚਿਆਂ ਦੇ ਮਾਤਾ ਪਿਤਾ ਨੇ ਵੀ ਸ਼ਿਰਕਤ ਕੀਤੀ ਤੇ ਉਹਨਾਂ ਆਰ.ਬੀ.ਐਸ.ਕੇ ਵਿਭਾਗ, ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿਹਨਾਂ ਦੀ ਬਦੌਲਤ ਉਹਨਾਂ ਦੇ ਬੱਚਿਆਂ ਨੂੰ ਨਵਾਂ ਜੀਵਨ ਪ੍ਰਾਪਤ ਹੋਇਆ। ਵਿਭਾਗ ਵਲੋਂ ਆਏ ਹੋਏ ਬੱਚਿਆਂ ਨੂੰ ਤੋਹਫੇ ਦੇ ਕੇ  ਸਨਮਾਨਿਤ ਵੀ ਕੀਤਾ ਗਿਆ।

                ਡਾ.ਬਲਵਿੰਦਰ ਕੁਮਾਰ ਨੇ ਪ੍ਰੋਗਰਾਮ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਾਲ 2023-24 ਦੌਰਾਨ ਜਮਾਂਦਰੂ ਰੋਗਾਂ ਵਾਲੇ 154 ਬੱਚਿਆਂ ਨੂੰ ਉੱਚ ਸਿਹਤ ਸੰਸਥਾਵਾਂ ਵਿੱਚ ਮੁਫਤ ਇਲਾਜ ਲਈ ਭੇਜਿਆ ਗਿਆ ਹੈ। ਜਿਨ੍ਹਾਂ ਵਿੱਚੋਂ 24 ਬੱਚਿਆਂ ਦੇ ਅਪਰੇਸ਼ਨ ਸਫਲਤਾਪੂਰਵਕ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਬੱਚਿਆਂ ਦਾ ਇਲਾਜ ਵੀ ਉੱਚ ਸਿਹਤ ਸੰਸਥਾਵਾਂ ਤੋਂ ਚੱਲ ਰਿਹਾ ਹੈ।

                ਡਾ.ਸੀਮਾ ਗਰਗ ਨੇ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜੰਮੇ ਬੱਚਿਆਂ ਦਾ ਹਸਪਤਾਲ ਵਿਚ ਹੀ ਜਮਾਂਦਰੂ ਨੁਕਸ ਲਈ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ। ਸਕੂਲ ਜਾਣ ਤੋਂ ਪਹਿਲਾਂ ਦੇ ਬੱਚਿਆਂ (6 ਹਫਤੇ ਤੋਂ 6 ਸਾਲ ਤੱਕ) ਦਾ ਆਂਗਣਵਾੜੀ ਸੈਂਟਰਾਂ ਵਿਚ, ਪੇਂਡੂ ਅਤੇ ਸ਼ਹਿਰੀ ਸਲੱਮ ਏਰੀਏ ਦੇ ਬੱਚਿਆਂ ਦਾ ਡੈਡੀਕੇਟਿਡ ਮੋਬਾਈਲ ਟੀਮਾਂ ਦੁਆਰਾ ਸਾਲ ਵਿੱਚ ਦੋ ਵਾਰੀ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਸਰਕਾਰੀ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਜਮਾਤ ਤੱਕ (6 ਸਾਲ ਤੋਂ 18 ਸਾਲ) ਦੇ ਬੱਚਿਆਂ ਦਾ ਸਾਲ ਵਿੱਚ ਇਕ ਵਾਰੀ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ। ਇਨ੍ਹਾਂ ਬੱਚਿਆਂ ਵਿੱਚ ਡਾਕਟਰੀ ਮੁਆਇਨੇ ਦੌਰਾਨ ਪਾਈਆਂ ਜਾਣ ਵਾਲੀਆਂ 31 ਬੀਮਾਰੀਆਂ ਦਾ ਆਰਬੀਐਸਕੇ ਅਧੀਨ ਮੁਫਤ ਇਲਾਜ ਕੀਤਾ ਜਾਂਦਾ ਹੈ।

                ਆਰ.ਬੀ.ਐਸ.ਕੇ ਏਐਮਓ ਡਾ.ਮਨਦੀਪ ਕੌਰ ਨੇ ਦੱਸਿਆ ਕਿ ਜਿਲ੍ਹਾ ਹਸਪਤਾਲ ਵਿਖੇ ਸਕੂਲ ਹੈਲਥ ਪ੍ਰੋਗਰਾਮ ਅਧੀਨ ਡੀਈਆਈਸੀ ਕੇਂਦਰ ਚਲਾਇਆ ਜਾ ਰਿਹਾ ਹੈ ਜਿਥੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਇਲਾਜ ਤੇ ਕਾਊਂਸਲਿੰਗ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।

                ਇਸ ਪ੍ਰੋਗਰਾਮ ਵਿੱਚ ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ, ਬੱਚਿਆਂ ਦੇ ਮਾਹਰ ਡਾ ਹਰਨੂਰਜੀਤ ਕੌਰ, ਆਰ.ਬੀ.ਐਸ.ਕੇ ਮੈਡੀਕਲ ਅਫਸਰ ਡਾ ਵਿਵੇਕ ਕੁਮਾਰ, ਜਿਲ੍ਹਾ ਸਕੂਲ ਹੈਲਥ ਕੋਆਰਡੀਨੇਟਰ ਪੂਨਮ, ਜਿਲ੍ਹਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ, ਸਪੈਸ਼ਲ ਐਜੁਕੇਟਰ ਪ੍ਰਵੇਸ਼ ਕੁਮਾਰੀ, ਸਟਾਫ ਨਰਸ ਰੇਨੂ ਤੇ ਰੰਜਨਾ ਵੱਲੋਂ ਵੀ ਸਹਿਯੋਗ ਕੀਤਾ ਗਿਆ।

Leave a Reply

Your email address will not be published. Required fields are marked *