ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ”ਗਲੂਕੋਮਾ ਮੁਕਤ ਸੰਸਾਰ ਲਈ ਇੱਕ ਜੁੱਟ ਹੋਈਏ” ਵਿਸ਼ੇ ਤਹਿਤ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) ਹਫਤਾ 10 ਮਾਰਚ ਤੋਂ 16 ਮਾਰਚ ਤੱਕ ਮਨਾਇਆ ਗਿਆ। ਇਸ ਸੰਬੰਧੀ ਇਕ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਨਿਰਦੇਸ਼ਾਂ ਅਨੁਸਾਰ ਦਫਤਰ ਸਿਵਲ ਸਰਜਨ ਦੇ ਟ੍ਰੇਨਿੰਗ ਹਾਲ ਵਿਖੇ ਜ਼ਿਲਾ ਟੀਕਾਕਰਣ ਅਫ਼ਸਰ ਡਾ ਸੀਮਾ ਗਰਗ ਦੀ ਅਗਵਾਈ ਹੇਠ ਕੀਤਾ ਗਿਆ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾ ਮੀਨੂ ਸਿੱਧੂ, ਮਾਸ ਮੀਡੀਆ ਵਿੰਗ ਤੋਂ ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਡਿਪਟੀ ਮਾਸ ਮੀਡੀਆ ਅਫ਼ਸਰ ਰਮਨਦੀਪ ਕੌਰ, ਜ਼ਿਲਾ ਬੀਸੀਸੀ ਕੋਆਰਡੀਨੇਟਰ ਅਮਨਦੀਪ ਸਿੰਘ ਅਤੇ ਸਮੂਹ ਬਲਾਕਾਂ ਤੋਂ ਆਸ਼ਾ ਫੈਸਿਲੀਟੇਟਰਾਂ ਸ਼ਾਮਿਲ ਹੋਈਆਂ।
ਕਾਲੇ ਮੋਤੀਏ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਸੀਮਾ ਗਰਗ ਨੇ ਦੱਸਿਆ ਕਿ ਗਲੂਕੋਮਾ ਭਾਰਤ ਵਿੱਚ ਸਥਾਈ ਨੇਤਰਹੀਣਤਾ ਦੇ ਮੁੱਖ ਕਾਰਨਾਂ ਵਿਚੋਂ ਇੱਕ ਅਹਿਮ ਕਾਰਨ ਹੈ। ਭਾਰਤ ਵਿੱਚ ਕੁੱਲ ਨੇਤਰਹੀਣਾਂ ਵਿਚੋਂ 12 ਫੀਸਦੀ ਲੋਕ ਕਾਲੇ ਮੋਤੀਏ ਕਾਰਣ ਅੰਨੇਪਨ ਦੇ ਸ਼ਿਕਾਰ ਹਨ। ਅਸਾਧਾਰਨ ਸਿਰ ਦਰਦ ਜਾਂ ਅੱਖਾਂ ਵਿੱਚ ਦਰਦ, ਪੜ੍ਹਨ ਵਾਲੇ ਚਸ਼ਮਿਆਂ ਦਾ ਵਾਰ ਵਾਰ ਬਦਲਣਾ, ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ, ਅੱਖਾਂ ਵਿੱਚ ਦਰਦ ਤੇ ਲਾਲੀ ਦੇ ਨਾਲ ਦ੍ਰਿਸ਼ਟੀ ਦੀ ਅਚਾਨਕ ਹਾਨੀ ਅਤੇ ਦ੍ਰਿਸ਼ਟੀ ਦੇ ਖੇਤਰ ਦਾ ਸੀਮਿਤ ਹੋਣਾ ਆਦਿ ਲੱਛਣ ਗਲੂਕੋਮਾ ਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ਤੇ ਉਨਾਂ ਨੂੰ ਆਪਣੀਆਂ ਅੱਖਾਂ ਦਾ ਦਬਾਅ ਜਾਂ ਪ੍ਰੈਸ਼ਰ ਜਰੂਰ ਚੈਕ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜੇਕਰ ਗਲੂਕੋਮਾ (ਕਾਲੇ ਮੋਤੀਏ) ਬਾਰੇ ਸਮੇਂ ਸਿਰ ਪਤਾ ਚੱਲ ਜਾਵੇ ਤਾਂ ਇਸ ਦਾ ਇਲਾਜ਼ ਸ਼ੁਰੂ ਕਰਕੇ ਅੱਗੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਨੇੜੇ ਦੇ ਹਸਪਤਾਲ ਵਿੱਚ ਜਰੂਰ ਕਰਵਾਓ।
ਡਾ. ਮੀਨੂ ਸਿੱਧੂ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲਾ ਮੋਤੀਆ ਜਾਂ ਗਲੂਕੋਮਾ ਵਿੱਚ ਅੱਖਾਂ ਦੇ ਅੰਦਰ ਪਾਏ ਜਾਣ ਵਾਲੇ ਤਰਲ ਐਕਵਿਸ ਹਿਊਮਰ ਦੇ ਵਹਾਅ ਵਿੱਚ ਰੁਕਾਵਟ ਆਉਣ ਲਗਦੀ ਹੈ, ਜਿਸ ਨਾਲ ਅੱਖਾਂ ਦਾ ਦਬਾਅ ਵਧ ਜਾਂਦਾ ਹੈ। ਜਮਾਂਦਰੂ ਕਾਲਾ ਮੋਤੀਆ ਪੁਸ਼ਤੈਨੀ ਵੀ ਹੋ ਸਕਦਾ ਹੈ। ਇਹ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਤਿੰਨ ਸਾਲ ਦੀ ਉਮਰ ਤੱਕ ਦੇਖਣ ਨੂੰ ਮਿਲਦਾ ਹੈ। ਇਹ ਬਹੁਤਾ ਕਰ ਕੇ ਦੋਵਾਂ ਅੱਖਾਂ ਵਿੱਚ ਹੁੰਦਾ ਹੈ। ਕਦੇ-ਕਦੇ ਇੱਕ ਅੱਖ ਵਿੱਚ ਵੀ ਹੁੰਦਾ ਹੈ। ਜੇਕਰ ਕਿਸੇ ਦਾ ਕੋਈ ਰਿਸ਼ਤੇਦਾਰ ਗਲੋਕੋਮਾ ਨਾਲ ਪੀੜਤ ਹੋਵੇ, ਕਿਸੇ ਨੂੰ ਡਾਇਬਟੀਜ਼, ਹਾਈਪਰਟੈਂਸ਼ਨ ਹੋਵੇ ਜਾਂ ਕੋਈ ਅਲਰਜੀ, ਦਮਾ, ਚਮੜੀ ਰੋਗਾਂ ਆਦਿ ਲਈ ਸਟੀਰਾਇਡ ਦੀ ਵਰਤੋਂ ਕਰਦਾ ਹੈ ਤਾਂ ਉਹ ਵਿਅਕਤੀ ਗਲੋਕੋਮਾ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਹਨਾਂ ਕਿਹਾ ਕਿ ਬਿਨਾਂ ਡਾਕਟਰ ਦੀ ਸਲਾਹ ਤੋਂ ਅੱਖਾਂ ਵਿੱਚ ਕਿਸੇ ਤਰ੍ਹਾਂ ਦੀ ਦਵਾਈ ਨਾ ਪਾਈ ਜਾਵੇ।
ਡਿਪਟੀ ਮਾਸ ਮੀਡੀਆ ਅਫਸਰ ਡਾ ਤ੍ਰਿਪਤਾ ਦੇਵੀ ਨੇ ਦੱਸਿਆ ਕਿ ਸ਼ੁਰੂ ਵਿਚ ਇਸ ਸਮੱਸਿਆ ਬਾਰੇ ਕਈ ਵਾਰ ਪਤਾ ਨਹੀਂ ਲਗਦਾ ਇਸ ਲਈ ਸਭ ਨੂੰ ਲੱਛਣਾ ਪ੍ਰਤੀ ਜਾਗਰੂਕ ਹੋਣਾ ਲਾਜ਼ਮੀ ਹੈ ਤਾਂ ਜੋ ਸਮਾਂ ਰਹਿੰਦਿਆ ਇਲਾਜ਼ ਸ਼ੁਰੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ 40 ਸਾਲ ਤੋਂ ਉਪਰ ਦੇ ਸਾਰੇ ਵਿਅਕਤੀਆਂ ਨੂੰ ਸਾਲ ਵਿੱਚ ਇਕ ਵਾਰ ਆਪਣੀਆਂ ਅੱਖਾਂ ਦਾ ਚੈਕਅੱਪ ਜਰੂਰ ਕਰਵਾਉਣਾ ਚਾਹੀਦਾ ਹੈ ਤਾਂ ਜੋ ਸਮੇਂ ਸਿਰ ਬੀਮਾਰੀ ਨੂੰ ਪਹਿਚਾਣ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ। ਗਲੂਕੋਮਾ ਪ੍ਰਤੀ ਜਾਗਰੂਕਤਾ ਹੀ ਇਸ ਬਿਮਾਰੀ ਦਾ ਹੱਲ ਹੈ।