ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਵਾਉਣ ’ਚ ਨਹੀਂ ਛੱਡੀ ਜਾ ਰਹੀ ਹੈ ਕੋਈ ਕਮੀ : ਬ੍ਰਮ ਸ਼ੰਕਰ ਜਿੰਪਾ


ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਤੱਕ ਸਾਫ਼-ਸੁਥਰਾ ਪਾਣੀ ਪਹੁੰਚਾਉਣ ਲਈ ਕੋਈ ਕਮੀ ਨਹੀਂ ਛੱਡੀ ਜਾ ਰਹੀ ਹੈ ਅਤੇ ਵਾਰਡ ਦੀ ਮੰਗ ਦੇ ਹਿਸਾਬ ਨਾਲ ਉਥੇ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਗਾਏ ਜਾ ਰਹੇ ਹੈ। ਉਹ ਅੱਜ ਵਾਰਡ ਨੰਬਰ 7 ਦੇ ਮੁਹੱਲਾ ਸ਼ਾਲੀਮਾਰ ਨਗਰ ਵਿਖੇ ਟਿਊਬਵੈਲ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਉਣ ਦੌਰਾਨ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਾਰਡ ਵਿਚ 30 ਲੱਖ ਰੁਪਏ ਦੀ ਲਾਗਤ ਨਾਲ ਟਿਊਬਵੈਲ ਲਗਾਇਆ ਜਾ ਰਿਹਾ ਹੈ।  ਲੋਕਾਂ ਤੱਕ ਪੀਣ ਵਾਲਾ ਸਾਫ ਪਾਣੀ ਪਹੁੰਚੇ, ਇਸ ਲਈ ਇਸ ਦਾ ਬੋਰ 700 ਫੁੱਟ ਗਹਿਰਾ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨਾਲ ਮਿਲ ਕੇ ਪਬਲਿਕ ਹੈਲਥ ਵਿਭਾਗ ਵਲੋਂ ਇਸ ਟਿਊਬਵੈਲ ਦੇ ਨਿਰਮਾਣ ਦੀ ਪ੍ਰਕ੍ਰਿਆ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਚੱਲਦਿਆਂ ਸੂਬੇ ਵਿਚ ਸਾਰੇ ਪੈਂਡਿੰਗ ਕਾਰਜ ਪਹਿਲ ਦੇ ਆਧਾਰ ’ਤੇ ਪੂਰੇ ਕੀਤੇ ਗਏ ਹਨ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਵਿਚ ਹਰ ਸਮੱਸਿਆ ਦਾ ਹੱਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਅਤੇ ਇਸ ਨੂੰ ਵਿਆਰਥ ਨਾ ਵਹਾਉਣ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣਾ ਵੀ ਸਾਡੀ ਮੁੱਖ ਤਰਜ਼ੀਹ ਹੈ, ਇਸ ਲਈ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਜਲਦ ਹੀ ਸ਼ਹਿਰ ਨੂੰ ਡੰਪ ਫਰੀ ਬਣਾ ਦਿੱਤਾ ਜਾਵੇਗਾ। ਇਸ ਮੌਕੇ ਦਵਿੰਦਰ ਕੁਮਾਰ ਖੁੱਲਰ, ਬ੍ਰਿਜ ਸ਼ਰਮਾ, ਵਰਿੰਦਰ ਖੁੱਲਰ, ਰਵਿੰਦਰ ਵਾਲੀਆ, ਬਲਬੀਰ ਸਿੰਘ, ਕੈਪਟਨ ਦਰਸ਼ਨ ਸਿੰਘ, ਵਿਨੋਦ ਸ਼ਰਮਾ, ਕੇਵਲ ਸਿੰਘ,  ਬ੍ਰਿਜ ਮੋਹਨ ਸ਼ਰਮਾ, ਮਨੀਸ਼ ਗੁਪਤਾ, ਦਰਸ਼ਨ ਕੌਸ਼ਲ, ਮਨੋਜ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

Leave a Reply

Your email address will not be published. Required fields are marked *