ਪਿਛਲੇ 10 ਸਾਲਾਂ ਤੋਂ ਪਰਾਲੀ ਨੂੰ ਅੱਗ ਨਾ ਲਗਾ ਕੇ ਹੋਰ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣਿਆ ਕਿਸਾਨ ਜਸਵਿੰਦਰ ਸਿੰਘ


ਪਰਾਲੀ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਖੇਤੀਬਾੜੀ ਅਤੇ ਵਿਕਾਸ ਭਲਾਈ ਵਿਭਾਗ ਪੰਜਾਬ ਵੱਲੋਂ ਸਮੂਹ ਪਿੰਡਾਂ ਵਿਚ ਪਿਛਲੇ ਕਈ ਸਾਲਾਂ ਤੋਂ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਖੇਤੀਬਾੜੀ ਵਿਭਾਗ ਦੇ ਇਨ੍ਹਾਂ ਯਤਨਾਂ ਨੂੰ ਕਿਸਾਨਾਂ ਵੱਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਬਲਾਕ ਗੜ੍ਹਸ਼ੰਕਰ ਤਹਿਤ ਆਉਂਦੇ ਪਿੰਡ ਕਾਲੇਵਾਲ ਦੇ ਕਿਸਾਨ ਜਸਵਿੰਦਰ ਸਿੰਘ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਿਚ ਆਪਣਾ ਪੂਰਾ ਯੋਗਦਾਨ ਦੇ ਰਿਹਾ ਹੈ। ਕਿਸਾਨ ਜਸਵਿੰਦਰ ਸਿੰਘ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਵਿਭਾਗ ਨਾਲ ਜੁੜਿਆ ਹੋੲਆ ਹੈ ਅਤੇ ਉਨ੍ਹਾਂ ਨੇ ਪਿਛਲੇ 10 ਸਾਲਾਂ ਵਿਚ ਕਿਸੇ ਵੀ ਫ਼ਸਲੀ ਰਹਿੰਦ-ਖੂੰਹਦ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਹੈ।
ਉਕਤ ਕਿਸਾਨ ਪਿਛਲੇ 3 ਸਾਲਾਂ ਤੋਂ ਸੁਪਰ ਸੀਡਰ ਤਕਨੀਕ ਨਾਲ ਕਣਕ ਦੀ ਫ਼ਸਲ ਦੀ ਬਿਜਾਈ ਕਰਦਾ ਆ ਰਿਹਾ ਹੈ ਅਤੇ ਬਿਨ੍ਹਾਂ ਪਰਾਲੀ ਨੂੰ ਅੱਗ ਲਗਾਏ ਕਣਕ ਦੀ ਫ਼ਸਲ ਦਾ ਪੂਰਾ ਝਾੜ ਪਾ ਰਿਹਾ ਹੈ। ਜਜਵਿੰਦਰ ਦੇ ਅਨੁਸਾਰ ਜਿਥੇ ਇਸ ਤਕਨੀਕ ਦਾ ਪ੍ਰਯੋਗ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ, ਉਥੇ ਇਸ ਤਕਨੀਕ ਦੇ ਪ੍ਰਯੋਗ ਨਾਲ ਖੇਤ ਦੀ ਬਹਾਈ ਦਾ ਖਰਚ ਵੀ ਬਚਾਇਆ ਜਾ ਸਕਦਾ ਹੈ। ਇਸ ਤਕਨੀਕ ਦੇ ਪ੍ਰਯੋਗ ਨਾਲ ਝੋਨੇ ਦੀ ਫ਼ਸਲ ਦੀ ਕਟਾਈ ਤੋਂ ਬਾਅਦ ਝੋਲੇ ਦੀ ਖੜ੍ਹੀ ਪਰਾਲੀ ਵਿਚ ਹੀ ਕਣਕ ਦੀ ਫ਼ਸਲ ਦੀ ਬਿਜਾਈ ਹੋ ਜਾਂਦੀ ਹੈ। ਕਾਫੀ ਕਿਸਾਨਾਂ ਨੇ ਪਿਛਲੇ ਸਾਲਾਂ ਵਿਚ ਜਸਵਿੰਦਰ ਸਿੰਘ ਤੋਂ ਪ੍ਰਭਾਵਿਤ ਹੋ ਕੇ ਸੁਪਰ ਸੀਡਰ ਤਕਨੀਕ ਨੁੰ ਅਪਣਾਇਆ ਹੈ। ਇਸ ਤੋਂ ਇਲਾਵਾ ਜਸਵਿੰਦਰ ਸਿੰਘ 10 ਤੋੀ 15 ਖੇਤਾਂ ਵਿਚ ਆਲੂ ਦੀ ਫ਼ਸਲ ਵੀ ਲਗਾਉਂਦਾ ਹੈ। ਇਨ੍ਹਾਂ ਖੇਤਾਂ ਨੂੰ ਉਹ ਮਲਚਰ, ਐਮ.ਬੀ ਪਲਾਓ, ਰੋਟਾਵੇਟਰ ਅਤੇ ਤਵੀਆਂ ਦੇ ਪ੍ਰਯੋਗ ਨਾਲ ਤਿਆਰ ਕਰਦਾ ਹੈ। ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਪਰਾਲੀ ਨੂੰ ਖੇਤਾਂ ਵਿਚ ਹੀ ਬਹਾਈ ਕਰਕੇ ਨਦੀਨਨਾਸ਼ਕ ਸਪਰੇਅ ਅਤੇ ਖਾਦਾਂ ਦੇ ਖਰਚ ਨੂੰ ਘੱਟ ਕੀਤਾ ਹੈ। ਉਨ੍ਹਾਂ ਬਾਕੀ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕਰਨ ਅਤੇ ਵਾਤਾਵਰਣ ਦੀ ਸੰਭਾਲ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।    

Leave a Reply

Your email address will not be published. Required fields are marked *