ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ ਪੱਧਰੀ ਪਸਾਰ ਅਦਾਰੇ ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ, ਹੁਸ਼ਿਆਰਪੁਰ ਵੱਲੋਂ ਝੋਨੇ ਦੀ ਪਰਾਲੀ ਵਿਚ ਸਰਫੇਸ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਬਾਬਤ ਖੇਤ ਦਿਵਸ ਦਾ ਆਯੋਜਨ ਪਿੰਡ ਸੈਲਾ ਖੁਰਦ, ਬਲਾਕ ਗੜ੍ਹਸ਼ੰਕਰ ਵਿਖੇ ਕੀਤਾ ਗਿਆ। ਪਿੰਡ ਸੈਲਾ ਖੁਰਦ ਦੇ ਕਿਸਾਨ ਰਮਨਦੀਪ ਸਿੰਘ ਅਤੇ ਨਰਿੰਦਰ ਸਿੰਘ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਸਹਿਯੋਗ ਨਾਲ ਪੀ.ਏ.ਯੂ ਸਰਫੇਸ ਸੀਡਰ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਦੀ ਕਾਸ਼ਤ ਕੁੱਲ 9 ਏਕੜ ਰਕਬੇ ’ਤੇ ਕੀਤੀ ਹੈ।
ਕ੍ਰਿਸ਼ੀ ਵਿਗਿਆਨ ਕੇਂਦਰ ਦੇ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਹਾਜ਼ਰ ਕਿਸਾਨਾਂ ਨੂੰ ਜੀ ਆਇਆਂ ਆਖਿਆ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਕਿਸਾਨ ਝੋਨੇ ਦੀ ਪਰਾਲੀ ਨੂੰ ਨਾ ਸਾੜਣ ਅਤੇ ਉਪਲਬੱਧ ਮਸ਼ੀਨਰੀ ’ਤੇ ਤਕਨੀਕਾਂ ਰਾਂਹੀ ਇਸ ਦਾ ਯੋਗ ਪ੍ਰਬੰਧ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ। ਡਾ. ਬੌਂਸ ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਅਤੇ ਸਮੂਹਿਕ ਰੂਪ ਵਿਚ ਇਸ ਮੁਹਿੰਮ ਨੂੰ ਸਫਲ਼ ਕਰਨ ਲਈ ਪ੍ਰੇਰਿਆ। ਉਨ੍ਹਾਂ ਦੱਸਿਆ ਕਿ ਪੀ.ਏ.ਯੂ ਸਰਫੇਸ ਸੀਡਰ ਮਸ਼ੀਨ 45 ਹਾਰਸ ਪਾਵਰ ਟਰੈਕਟਰ ਨਾਲ ਚੱਲ ਸਕਦੀ ਹੈ ਅਤੇ ਇਕ ਘੰਟੇ ਵਿਚ 1.5 ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਇਹ ਮਸ਼ੀਨ 700 ਤੋਂ 800 ਰੁਪਏ ਵਿਚ ਇੱਕ ਏਕੜ ਕਣਕ ਦੀ ਬਿਜਾਈ ਕਰ ਸਕਦੀ ਹੈ। ਉਨ੍ਹਾਂ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਵੀ ਜਰੂਰੀ ਨੁਕਤੇ ਸਾਂਝੇ ਕੀਤੇ।
ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨੀਅਰਿੰਗ) ਡਾ. ਅਜੈਬ ਸਿੰਘ ਨੇ ਦੱਸਿਆ ਕਿ ਸਰਫੇਸ ਸੀਡਰ ਮਸ਼ੀਨ ਵਿਚ ਕਟਰ-ਕਮ-ਸਪਰੈਡਰ (ਸੁਧਾਰਿਆ ਹੋਇਆ ਕਟਰ) ਉੱਪਰ ਆਮ ਬਿਜਾਈ ਡਰਿੱਲ ਦਾ ਉਪਰਲਾ ਹਿੱਸਾ ਪਾਈਪਾਂ ਸਮੇਤ (ਬਿਨਾਂ ਫਾਲਿਆਂ ਤੋਂ) ਲਗਾਇਆ ਗਿਆ ਹੈ। ਇਹ ਮਸ਼ੀਨ ਕੰਬਾਈਨ ਨਾਲ ਕੱਟੇ ਝੋਨੇ ਦੇ ਖੇਤ ਵਿੱਚ ਇਕੋ ਸਮੇਂ ਬੀਜ ਅਤੇ ਖਾਦ ਪਾ ਦਿੰਦੀ ਹੈ ਅਤੇ ਨਾਲੋਂ-ਨਾਲ ਝੋਨੇ ਦੇ ਖੜ੍ਹੇ ਕਰਚੇ (4 ਤੋਂ 5 ਇੰਚ ਉੱਚਾ) ਕੱਟ ਕੇ ਇਕਸਾਰ ਖਿਲਾਰ ਦਿੰਦੀ ਹੈ।
ਇਸ ਮੌਕੇ ਡਾ. ਕਰਮਵੀਰ ਸਿੰਘ ਗਰਚਾ, ਸਹਾਇਕ ਪ੍ਰੋਫੈਸਰ (ਸਬਜੀ ਵਿਗਿਆਨ) ਨੇ ਘਰੇਲੂ ਬਗੀਚੀ ਬਾਬਤ ਜਾਣਕਾਰੀ ਸਾਂਝੀ ਕੀਤੀ। ਸਰਫੇਸ ਸੀਡਰ ਮਸ਼ੀਨ ਦੀ ਕਾਰਜਕੁਸ਼ਲਤਾ ਪ੍ਰਤੀ ਹਾਜ਼ਰ ਕਿਸਾਨਾਂ ਨੇ ਸੰਤੁਸ਼ਟੀ ਪ੍ਰਗਟਾਈ।
ਇਸ ਮੌਕੇ ਪਿੰਡ ਜੱਸੋਵਾਲ ਤੋਂ ਇਕਬਾਲ ਸਿੰਘ, ਪਿੰਡ ਪੱਦੀ ਸੂਰਾ ਸਿੰਘ ਤੋਂ ਕੁਲਦੀਪ ਸਿੰਘ ਅਤੇ ਸੁਖਰਨਦੀਪ ਸਿੰਘ, ਪਿੰਡ ਮਜਾਰਾ ਡੀਂਗਰੀਆਂ ਤੋਂ ਅਰਵਿੰਦਰ ਸਿੰਘ, ਪਿੰਡ ਸੈਲਾ ਖੁਰਦ ਤੋਂ ਲਵਦੀਪ ਸਿੰਘ, ਪਿੰਡ ਜੀਵਨਪੁਰ ਜੱਟਾਂ ਤੋਂ ਗੁਰਸੇਵਕ ਸਿੰਘ, ਪਿੰਡ ਬੁੱਗਰਾ ਤੋਂ ਤਰਨਜੀਤ ਸਿੰਘ ਮਾਨ, ਪਿੰਡ ਗੁੱਜਰਪੁਰ ਤੋ ਸੁਖਜਿੰਦਰ ਸਿੰਘ, ਆਦਿ ਅਗਾਂਹਵਧੂ ਕਿਸਾਨ ਮੌਜੂਦ ਸਨ।