
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰਾਂ ਵਿਚ ਵੋਟ ਪਾਉਣ, ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕਤਾ ਫੈਲਾਉਣ ਦੇ ਉਦੇਸ਼ ਨਾਲ ‘ਸਵੀਪ ਵੋਟਰ ਜਾਗਰੂਕਤਾ ਵੈਨਾਂ’ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐਸ.ਐਸ.ਪੀ ਸੁਰੇਂਦਰ ਲਾਂਬਾ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰੇਕ ਵਿਧਾਨ ਸਭਾ ਖੇਤਰ ਲਈ ਦੋ-ਦੋ ਜਾਗਰੂਕਤਾ ਵੈਨਾਂ ਰਵਾਨਾ ਕੀਤੀਆਂ ਗਈਆਂ ਹਨ, ਤਾਂ ਜੋ ਸਾਰੇ ਵੋਟਰਾਂ ਨੂੰ ਵੋਟ ਪਾਉਣ ਦੇ ਨਾਲ-ਨਾਲ ਈ.ਵੀ.ਐਮ ਅਤੇ ਵੀ.ਵੀ ਪੈਟ ਸਬੰਧੀ ਜਾਗਰੂਕ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਏ.ਆਰ.ਓਜ਼ ਆਪਣੇ ਵਿਧਾਨ ਸਭਾ ਖੇਤਰਾਂ ਵਿਚ ਵੈਨਾਂ ਨੂੰ ਭੇਜਣ ਦਾ ਰੂਟ ਪਲਾਨ ਤੈਅ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਜਾਗਰੂਕਤਾ ਵੈਨਾਂ ਜ਼ਿਲ੍ਹੇ ਵਿਚ ਆਰੰਭ ਸਵੀਪ ਗਤੀਵਿਧੀਆਂ ਦਾ ਹਿੱਸਾ ਹਨ, ਜੋ ਕਿ ਸਾਰੇ ਵਿਧਾਨ ਸਭਾ ਖੇਤਰਾਂ ਨੂੰ ਕਵਰ ਕਰਨਗੀਆਂ ਅਤੇ ਵੋਟਰਾਂ ਨੂੰ ਵੋਟਰ ਹੈਲਪ ਲਾਈਨ-1950 ਅਤੇ ਈ.ਵੀ.ਐਮ ਅਤੇ ਵੀ.ਵੀ ਪੈਟ ਦੀ ਕਾਰਜਪ੍ਰਣਾਲੀ ਅਤੇ ਇਸਦੇ ਪ੍ਰਯੋਗ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਗਰੂਕਤਾ ਵੈਨਾਂ ਦਾ ਉਦੇਸ਼ ਵੋਟਰਾਂ ਖਾਸ ਕਰਕੇ ਨੌਜਵਾਨ ਵਰਗ ਨੂੰ ਚੋਣ ਪ੍ਰਕਿਰਿਆ ਬਾਰੇ ਜਾਗਰੂਕ ਕਰਨਾ ਹੈ। ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਈ.ਵੀ.ਐਮਜ਼ ਜਸਵਿੰਦਰ ਸਿੰਘ, ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪ੍ਰੀਤ ਕੋਹਲੀ, ਚੋਣ ਕਾਨੂੰਗੋ ਦੀਪਕ ਕੁਮਾਰ, ਲਖਬੀਰ ਸਿੰਘ, ਮੇਘਾ ਮਹਿਤਾ ਤੋਂ ਇਲਾਵਾ ਰਾਜਨ ਮੌਂਗਾ ਤੇ ਹੋਰ ਹਾਜ਼ਰ ਸਨ।