‘ਹੁਸ਼ਿਆਰਪੁਰ ਨੇਚਰ ਫੈਸਟ-2024’-1 ਮਾਰਚ ਨੂੰ ਸਟਾਰ ਨਾਈਟ ’ਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਬੰਨ੍ਹਣਗੇ ਰੰਗ


  ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ 1 ਮਾਰਚ ਤੋਂ 5 ਮਾਰਚ ਤੱਕ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ‘ਹੁਸ਼ਿਆਰਪੁਰ ਨੇਚਰ ਫੈਸਟ’ ਦੇ ਸਫਲ ਆਯੋਜਨ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਡੀ.ਐਫ.ਓ ਨਲਿਨ ਯਾਦਵ, ਐਸ.ਡੀ.ਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ, ਐਸ.ਡੀ.ਐਮ ਗੜ੍ਹਸ਼ੰਕਰ ਸ਼ਿਵਰਾਜ ਸਿੰਘ ਬੱਲ, ਐਸ.ਡੀ.ਐਮ ਟਾਂਡਾ ਵਿਓਮ ਭਾਰਦਵਾਜ, ਐਸ.ਡੀ.ਐਮ ਮੁਕੇਰੀਆਂ ਅਸ਼ੋਕ ਕੁਮਾਰ, ਐਸ.ਡੀ.ਐਮ ਦਸੂਹਾ ਪ੍ਰਦੀਪ ਸਿੰਘ ਬੈਂਸ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿਦੀਕੀ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੇਚਰ ਫੈਸਟ ਦੇ ਪਹਿਲੇ ਦਿਨ 1 ਮਾਰਚ ਨੂੰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਪ੍ਰਾਹੁਣਚਾਰੀ, ਕਿਰਤ ਮੰਤਰੀ ਪੰਜਾਬ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸੇ ਦਿਨ ਸਟਾਰ ਨਾਈਟ ਵਿਚ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਆਪਣੇ ਗੀਤਾਂ ਨਾਲ ਸਮਾਂ ਬੰਨ੍ਹਣਗੇ। ਉਨ੍ਹਾਂ ਦੱਸਿਆ ਕਿ ‘ਹੁਸ਼ਿਆਰਪੁਰ ਨੇਚਰ ਫੈਸਟ’ ਦਾ ਉਦੇਸ਼ ਕੁਦਰਤ ਦੀ ਗੋਦ ਵਿਚ ਵੱਸੇ ਹੁਸ਼ਿਆਰਪੁਰ ਵਿਚ ਸੈਰ-ਸਪਾਟੇ ਦੀਆਂ ਅਪਾਰ ਸੰਭਾਵਨਾਵਾਂ ਤੋਂ ਲੋਕਾਂ ਨੂੰ ਰੁ-ਬ-ਰੂ ਕਰਵਾਉਣਾ ਹੈ, ਜਿਸ ਲਈ ਦੁਸਹਿਰਾ ਗਰਾਊਂਡ ਹੁਸ਼ਿਆਰਪੁਰ ਵਿਚ ਸੱਭਿਆਚਾਰਕ ਪ੍ਰੋਗਰਾਮ, ਸੈਲਫ ਹੈਲਪ ਗਰੁੱਪਾਂ ਦੀਆਂ ਪ੍ਰਦਰਸ਼ਨੀਆਂ, ਫੂਡ ਬਾਜ਼ਾਰ, ਫਾਰਮਰਸ ਮਾਰਕੀਟ, ਸਿੰਗਰ ਨਾਈਟ, ਕਾਈਟ ਫਲਾਇੰਗ, ਹਾਟ ਏਅਰ ਬੈਲੂਨਿੰਗ, ਡਿਸਪਲੇਅ ਗੈਲਰੀਜ਼ ਦਾ ਸੈਟਅੱਪ ਲੱਗੇਗਾ। ਇਸ ਤੋਂ ਇਲਾਵਾ ਨਾਰਾ ਡੈਮ ਵਿਚ ਕੈਂਪਿੰਗ, ਟ੍ਰੈਕਿੰਗ, ਨਾਈਟ ਲਾਈਵ ਬੈਂਡ, ਕੂਕਾਨੇਟ ਤੋਂ ਦੇਹਰੀਆਂ ਤੱਕ ਆਫ ਰੋਡਿੰਗ, ਥਾਨਾ ਡੈਮ ਵਿਚ ਈਕੋ ਹੱਟਸ, ਹਾਈ ਸਪੀਡ ਬੋਟਿੰਗਸ, ਸ਼ਿਕਾਰਾ ਰਾਈਡਸ, ਜੰਗਲ ਸਫਾਰੀ, ਚੌਹਾਲ ਡੈਮ ’ਤੇ ਸਫਾਰੀ, ਸਪੀਡ ਬੋਟਿੰਗ, ਕੈਫੇ ਜ਼ੋਨ, ਨੇਚਰ ਵਾਕ, ਬਰਮਾ ਬ੍ਰਿਜ ਆਦਿ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ।
ਕੋਮਲ ਮਿੱਤਲ ਨੇ ਦੱਸਿਆ ਕਿ ਪੰਜ ਦਿਨ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾਣਗੀਆਂ, ਜਿਸ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਵੀ ਜਲਦ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਦੌਰਾਨ ਦਸਤਕਾਰਾਂ ਦੇ ਠਹਿਰਨ, ਖਾਣੇ ਅਤੇ ਆਉਣ-ਜਾਣ ਦੇ ਪ੍ਰਬੰਧਾਂ, ਸਫਾਈ, ਸੁਰੱਖਿਆ, ਪਾਰਕਿੰਗ ਆਦਿ ਇੰਤਜ਼ਾਮਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ‘ਹੁਸ਼ਿਆਰਪੁਰ ਨੇਚਰ ਫੈਸਟ’ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਆਯੋਜਨ ਰਾਹੀਂ ਨਾ ਸਿਰਫ ਜ਼ਿਲ੍ਹਾ ਵਾਸੀ ਬਲਕਿ ਹੋਰਨਾਂ ਥਾਵਾਂ ਤੋਂ ਵੀ ਲੋਕ ਹੁਸ਼ਿਆਰਪੁਰ ਦੀ ਖੂਬਸੂਰਤੀ ਨੂੰ ਨਿਹਾਰ ਸਕਣਗੇ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਵਿਭਾਗਾਂ ਨਾਲ ਸਬੰਧਤ ਆਪਣੀਆਂ ਜ਼ਿੰਮੇਵਾਰੀਆਂ ਦਾ ਤਨਦੇਹੀ ਨਾਲ ਪਾਲਣਾ ਕਰਨ ਤਾਂ ਜੋ ਸੈਰ- ਸਪਾਟੇ ਪੱਖੋਂ ਹੁਸ਼ਿਆਰਪੁਰ ਦੀ ਵੱਖਰੀ ਪਹਿਚਾਣ ਬਣਾਈ ਜਾ ਸਕੇ।

Leave a Reply

Your email address will not be published. Required fields are marked *