
ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਇਸੇ ਲੜੀ ਵਿਚ ਹੁਸ਼ਿਆਰਪੁਰ ਨਗਰ ਨਿਗਮ ਦੀ ਹੱਦ ਨਾਲ ਲੱਗਦੇ ਪਿੰਡ ਬਜਵਾੜਾ ਤੇ ਕਿਲਾ ਬਰੂਨ ਵਿਚ 3082.77 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਸਿਸਟਮ ਪਾਉਣ ਦੇ ਕੰਮ ਦੀ ਮਨਜ਼ੂਰੀ ਪੰਜਾਬ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ, ਜੋ ਕਿ ਇਨ੍ਹਾਂ ਦੋਵਾਂ ਪਿੰਡਾਂ ਦੇ ਲਈ ਇਕ ਬਹੁਤ ਵੱਡੀ ਸੁਵਿਧਾ ਹੈ। ਉਨ੍ਹਾਂ ਦੱਸਿਆ ਕਿ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਵੱਲੋਂ ਇਸ ਪ੍ਰੋਜੈਕਟ ਨੂੰ ਆਉਣ ਵਾਲੇ ਦਿਨਾਂ ਵਿਚ ਸ਼ੁਰੂ ਕਰ ਦਿੱਤਾ ਜਾਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿੰਡ ਬਜਵਾੜਾ ਦੀ ਮੌਜੂਦਾ ਜਨਸੰਖਿਆ 10322 ਅਤੇ 2483 ਘਰ ਹਨ ਅਤੇ ਪਿੰਡ ਕਿਲਾ ਬਰੂਨ ਦੀ ਮੌਜੂਦਾ ਜਨਸੰਖਿਆ 1742 ਅਤੇ 410 ਘਰ ਹਨ। ਉਨ੍ਹਾਂ ਦੱਸਿਆ ਕਿ ਉਕਤ ਸੀਵਰੇਜ ਪ੍ਰੋਜੈਕਟ ਸ਼ੁਰੂ ਹੋਣ ਨਾਲ ਇਨ੍ਹਾਂ ਦੋਨਾਂ ਪਿੰਡਾਂ ਦੀ 12064 ਜਨਸੰਖਿਆ ਅਤੇ 2893 ਘਰਾਂ ਨੂੰ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਪਿੰਡ ਬਜਵਾੜਾ ਅਤੇ ਕਿਲਾ ਬਰੂਨ ਦੇ ਸੀਵਰ ਨੂੰ 30 ਸਾਲ ਦੀ ਆਬਾਦੀ ਨੂੰ ਲੈਂਦਿਆਂ ਹੋਇਆ ਡਿਜ਼ਾਇਨ ਕੀਤਾ ਗਿਆ ਹੈ ਅਤੇ ਇਸ ਕੰਮ ਲਈ 2.5 ਐਮ.ਐਲ.ਡੀ ਦਾ ਸੀਵਰੇਜ ਟਰੀਟਮੈਂਟ ਪਲਾਂਟ ਬਣਾਇਆ ਜਾਣਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅਤਿ-ਆਧੁਨਿਕ ਤਕਨਾਲੋਜੀ ਰਾਹੀਂ ਐਸ.ਟੀ.ਪੀ ਬਣਾਇਆ ਜਾਣਾ ਹੈ, ਜਿਸ ਰਾਹੀਂ ਬਾਇਓ ਕੈਮੀਕਲ ਆਕਸੀਜਨ ਡਿਮਾਂਡ 10 ਐਮ.ਜੀ/ਲੀਟਰ ਤੱਕ ਕੰਟਰੋਲ ਹੋਵੇਗੀ ਅਤੇ ਟ੍ਰੀਟਿੰਗ ਪਾਣੀ ਦੀ ਵਰਤੋਂ ਸਿੰਚਾਈ ਲਈ ਕੀਤੀ ਜਾਵੇਗੀ।
ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪਿੰਡ ਕਿਲਾ ਬਰੂਨ ਵਿਚ ਇਕ ਇੰਟਰਮੀਡੀਏਟਰ ਪੰਪਿੰਗ ਸਟੇਸ਼ਨ ਬਣਾਇਆ ਜਾਣਾ ਹੈ, ਜਿਸ ਰਾਹੀਂ ਸੀਵੇਜ ਪੰਪ ਕਰਕੇ ਬਜਵਾੜਾ ਦੇ ਮੇਨ ਸੀਵਰ ਵਿਚ ਪਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਕੁੱਲ 47625 ਮੀਟਰ ਯੂ.ਪੀ.ਪੀ.ਵੀ.ਸੀ ਅਤੇ ਆਰ.ਸੀ.ਸੀ.ਸੀ ਸੀਵਰ ਪਾਈਪ ਲਾਈਨ ਪਾਉਣ ਦਾ ਇੰਤਜ਼ਾਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਮਾਨਤਾ ਪ੍ਰਾਪਤ ਫਰਮ ਨੂੰ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਡੇਢ ਸਾਲ ਵਿਚ ਇਹ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਫਰਮ ਵੱਲੋਂ ’ਤੇ ਜਿਹੜੀਆਂ ਗਲੀਆਂ ਸੀਵਰ ਪਾਉਣ ਲਈ ਤੋੜੀਆਂ ਜਾਣਗੀਆਂ, ਉਹ ਗਲੀਆਂ ਉਕਤ ਫਰਮ ਵੱਲੋਂ ਬਣਾਈਆਂ ਜਾਣਗੀਆਂ।