ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਹੁਸ਼ਿਆਰਪੁਰ ਵਾਸੀਆਂ ਤੱਕ ਸਾਫ-ਸੁਥਰਾ ਪੀਣ ਵਾਲਾ ਪਾਣੀ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਜਾ ਰਹੀ ਹੈ ਅਤੇ ਵਾਰਡਾਂ ਦੀ ਲੋੜ ਮਤਾਬਿਕ ਪੀਣ ਵਾਲੇ ਪਾਣੀ ਦੇ ਟਿਊਬਵੈਲ ਲਗਾਏ ਜਾ ਰਹੇ ਹਨ। ਉਹ ਅੱਜ ਵਾਰਡ ਨੰਬਰ 4 ਦੇ ਮੁਹੱਲਾ ਨਾਰਾਇਣ ਨਗਰ ਵਿਚ 43 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਟਿਊਬਵੈਲ ਨੂੰ ਜਨਤਾ ਨੂੰ ਸਮਰਪਿਤ ਕਰਨ ਦੌਰਾਨ ਇਲਾਵਾ ਵਾਸੀਆਂ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ ਅਤੇ ਡਿਪਟੀ ਮੇਅਰ ਰਣਜੀਤ ਚੌਧਰੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਾਰਡ ਵਿਚ 43 ਲੱਖ ਰੁਪਏ ਦੀ ਲਾਗਤ ਨਾਲ ਲੱਗੇ ਟਿਊਬਵੈਲ ਨਾਲ ਇਲਾਕੇ ਵਿਚ ਲੰਮੇ ਸਮੇਂ ਤੋਂ ਚੱਲੀ ਆ ਰਹੀ ਪਾਣੀ ਦੀ ਸਮੱਸਿਆ ਦੂਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਨਾਲ ਮਿਲ ਕੇ ਪਬਲਿਕ ਹੈਲਥ ਵਿਭਾਗ ਵਲੋਂ ਇਸ ਟਿਊਬਵੈਲ ਦੇ ਨਿਰਮਾਣ ਕਾਰਜ ਦੀ ਪ੍ਰਕਿਰਿਆ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਸਦਕਾ ਸੂਬੇ ਵਿਚ ਸਾਰੇ ਪੈਂਡਿੰਗ ਕੰਮ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤੇ ਗਏ ਹਨ। ਉਨ੍ਹਾਂ ਇਲਾਕਾ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਇਲਾਕੇ ਵਿਚ ਹਰੇਕ ਸਮੱਸਿਆ ਦਾ ਹਲ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪਾਣੀ ਦੀ ਸਹੀ ਵਰਤੋਂ ਕਰਨ ਅਤੇ ਇਸ ਨੂੰ ਵਿਅਰਥ ਨਾ ਵਹਾਉਣ। ਇਸ ਮੌਕੇ ਕੌਂਸਲਰ ਅਸ਼ੋਕ ਮਹਿਰਾ, ਕੌਂਸਲਰ ਵਿਜੇ ਅਗਰਵਾਲ, ਪ੍ਰਦੀਪ ਬਿੱਟੂ, ਐਕਸੀਅਨ ਜਲ ਸਪਲਾਈ ਸਿਮਰਨਜੀਤ ਸਿੰਘ ਖਾਂਬਾ, ਸੰਜੀਵ ਤਲਵਾੜ, ਵਰਿੰਦਰ ਵੈਦ, ਸੁਮੇਸ਼ ਸੈਣੀ, ਰਾਜਾ ਜੁਗਿੰਦਰ ਸਿੰਘ, ਅਮਨਦੀਪ ਭਿੰਦਾ, ਜਤਿੰਦਰ ਖੁਲਰ, ਬਿੱਲਾ ਠੇਕੇਦਾਰ, ਜਰਨੈਲ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।