ਟੀਕਾਕਰਨ ਅਤੇ ਕੌਮੀ ਪਲਸ ਪੋਲੀਓ ਮੁਹਿੰਮ ਸੰਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ

ਹੁਸ਼ਿਆਰਪੁਰ 13 ਫਰਵਰੀ 2024  ਕੌਮੀ ਪਲਸ ਪੋਲੀਓ ਮੁਹਿੰਮ 2024 ਅਤੇ ਐਮਆਰ ਦੇ ਖਾਤਮੇ ਸੰਬੰਧੀ ਜਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ  ਸ਼੍ਰੀਮਤੀ ਕੋਮਲ ਮਿੱਤਲ ਜੀ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਕੀਤੀ ਗਈ। ਸਿਵਲ ਸਰਜਨ ਹੁਸ਼ਿਆਰਪੁਰ ਡਾ ਬਲਵਿੰਦਰ ਕੁਮਾਰ ਡਮਾਣਾ ਦੀ ਅਗਵਾਈ ਵਿਚ ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ ਅਤੇ ਡਬਲਯੂਐਚਓ ਤੋਂ ਡਾ ਗਗਨ ਸ਼ਰਮਾ ਨੇ ਇਹਨਾਂ ਮੁਹਿੰਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਦੌਰਾਨ ਜਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਅਤੇ ਵੱਖ ਵੱਖ ਸਹਿਯੋਗੀ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ।

            ਸਿਵਲ ਸਰਜਨ ਡਾ ਡਮਾਣਾ ਵੱਲੋਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਜੀ ਦੀ ਪ੍ਰਵਾਨਗੀ ਨਾਲ ਮੀਟਿੰਗ ਦਾ ਆਗਾਜ਼ ਕਰਦਿਆਂ 3 ਤੋਂ 5 ਮਾਰਚ 2024 ਦੇ ਕੌਮੀ ਪਲਸ ਪੋਲੀਓ ਰਾਊਂਡ ਅਤੇ ਐਮਆਰ ਐਲੀਮੀਨੇਸ਼ਨ ਦੇ ਮੁੱਖ ਉਦੇਸ਼ ਬਾਰੇ ਦੱਸਿਆ ਗਿਆ।

             ਡਿਪਟੀ ਕਮਿਸ਼ਨਰ ਸ਼੍ਰੀਮਤੀ ਕੋਮਲ ਮਿੱਤਲ ਵੱਲੋਂ ਕੌਮੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਬਲਾਕ ਪੱਧਰ ਤੇ ਵੱਖ ਵੱਖ ਵਿਭਾਗਾਂ ਨਾਲ ਤਾਲਮੇਲ ਸਥਾਪਿਤ ਕਰਕੇ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਮੁਹਿੰਮ ਦੌਰਾਨ ਹਾਈ ਰਿਸਕ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤੇ ਜਾਣ ਲਈ ਵੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ।

            ਡਾ.ਸੀਮਾ ਗਰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕੌਮੀ ਪਲਸ ਪੋਲੀਓ ਰਾਊਂਡ ਦੌਰਾਨ ਜਿਲ੍ਹੇ ਭਰ ਦੇ 0 ਤੋਂ 5 ਸਾਲ ਤੱਕ ਦੇ 152552 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਵੱਖ ਵੱਖ ਵਿਭਾਗਾਂ ਦੇ ਪੂਰਣ ਸਹਿਯੋਗ ਦੀ ਜਰੂਰਤ ਹੈ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ। ਉਨ੍ਹਾਂ ਵੱਖ ਵੱਖ ਵਿਭਾਗਾਂ ਅਤੇ ਸਵੈ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ ਸਹਿਯੋਗ ਬਾਰੇ ਵੀ ਦੱਸਿਆ। ਉਹਨਾਂ ਐਮਆਰ ਐਲੀਮੀਨੇਸ਼ਨ ਦੇ ਅਪਣਾਏ ਜਾਣ ਵਾਲੇ ਰੋਡਮੈਪ ਬਾਰੇ ਵੀ ਜਾਣੂ ਕਰਵਾਇਆ।

            ਡਾ. ਗਗਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਪੋਲੀਓ ਦਾ ਆਖਰੀ ਕੇਸ 2009 ਵਿੱਚ ਸਾਹਮਣੇ ਆਇਆ ਸੀ। ਭਾਵੇ ਭਾਰਤ ਪੋਲੀਓ ਮੁਕਤ ਹੈ ਪਰ ਫਿਰ ਵੀ ਇਹ ਰਾਊਂਡ ਇਹਤਿਆਤ ਵੱਜੋਂ ਕੀਤਾ ਜਾ ਰਿਹਾ ਹੈ। ਸਾਡੇ ਗੁਆਂਢੀ ਦੇਸ਼ ਅਫਗਾਨਿਸਤਾਨ ਅਤੇ ਪਾਕਿਸਤਾਨ ਵਿੱਚ ਵਾਈਲਡ ਪੋਲੀਓ ਵਾਇਰਸ ਦੇ ਕੇਸ ਮੌਜੂਦ ਹਨ ਅਤੇ ਕਿਉਂਕਿ ਸਰਹੱਦਾਂ ਦੇ ਪਾਰ ਲੋਕਾਂ ਦੀ ਬਹੁਤ ਆਵਾਜਾਈ ਹੈ, ਸਾਨੂੰ ਵੀ ਖਤਰਾ ਹੈ। ਇਸ ਲਈ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਸਮੇਂ-ਸਮੇਂ ‘ਤੇ ਪੂਰਕ ਟੀਕਾਕਰਨ ਦੀਆਂ ਗਤੀਵਿਧੀਆਂ ਕਰਨ ਦੀ ਲੋੜ ਹੁੰਦੀ ਹੈ ਤਾਂ ਜੋ ਵਾਈਲਡ ਪੋਲੀਓ ਵਾਇਰਸ ਦਾ ਕੋਈ ਕੇਸ ਸਾਡੇ ਦੇਸ਼ ਵਿੱਚ ਦੋਬਾਰਾ ਨਾ ਪਨਪੇ।

Leave a Reply

Your email address will not be published. Required fields are marked *