ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਨੇ ਲਗਾਈ ਦੋ ਰੋਜ਼ਾ ਕੁਦਰਤੀ ਖੇਤੀ ਸਿਖਲਾਈ ਵਰਕਸ਼ਾਪ


ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਵੱਲੋਂ ਬੀਤੇ ਦਿਨੀਂ ਕੇ.ਵੀ.ਕੇ ਵਿਖੇ ਅਤੇ ਪਿੰਡ ਬੀਰਮਪੁਰ ਵਿਖੇ ‘ਕੁਦਰਤੀ ਖੇਤੀ’ ਬਾਰੇ ਦੋ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਿਖਿਆਰਥੀਆਂ ਦਾ ਸਵਾਗਤ ਕਰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਡਾ. ਮਨਿੰਦਰ ਸਿੰਘ ਬੌਂਸ ਨੇ ਕੇ.ਵੀ.ਕੇ ਦੀਆਂ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਨੂੰ ਉਨ੍ਹਾਂ ਨਾਲ ਸਾਂਝਾ ਕੀਤਾ। ਉਨ੍ਹਾਂ ਨੇ ਕੁਦਰਤੀ ਖੇਤੀ ਦੀ ਮਹੱਤਤਾ ਅਤੇ ਦਾਇਰੇ ਬਾਰੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਬਿਹਤਰ ਮਨੁੱਖੀ, ਮਿੱਟੀ ਅਤੇ ਵਾਤਾਵਰਣ ਦੀ ਸਿਹਤ ਲਈ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਸਿਖਿਆਰਥੀਆਂ ਨੂੰ ਆਪਣੀ ਜ਼ਮੀਨ ਦੇ ਕੁਝ ਹਿੱਸੇ ਨੂੰ ਕੁਦਰਤੀ ਖੇਤੀ ਵਿਚ ਤਬਦੀਲ ਕਰਨ ਲਈ ਵੀ ਪ੍ਰੇਰਿਤ ਕੀਤਾ।
ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਡਾ. ਪ੍ਰਭਜੋਤ ਕੌਰ ਨੇ ਕੁਦਰਤੀ ਖੇਤੀ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਸਰਵਪੱਖੀ ਕੀਟ ਪ੍ਰਬੰਧਨ ਬਾਰੇ ਵੀ ਚਾਨਣਾ ਪਾਇਆ। ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀਨਿਅਰਿੰਗ) ਡਾ. ਅਜੈਬ ਨੇ ਖੇਤੀ ਉਪਜ ਦੇ ਮੰਡੀਕਰਨ ਲਈ ਪ੍ਰੋਸੈਸਿੰਗ ਰਾਹੀਂ ਮੁੱਲ ਵਾਧੇ ਵਿੱਚ ਇਜਾਫੇ ਬਾਰੇ ਅਤੇ ਖਾਸਕਰ ਮਿਆਰੀ ਗੁੜ-ਸ਼ੱਕਰ ਉਤਪਾਦਨ ਬਾਰੇ ਜਾਣਕਾਰੀ ਸਾਂਝੀ ਕੀਤੀ।
  ਇਸ ਮੌਕੇ ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ, ਜੋ ਕਿ ਪਿਛਲੇ ਦਸ ਸਾਲਾਂ ਤੋਂ ਕੁਦਰਤੀ ਖੇਤੀ ਅਪਣਾ ਕੇ ਕੰਮ ਕਰ ਰਹੀ ਹੈ, ਦੇ ਸਰਪ੍ਰਸਤ ਇੰਜੀਨੀਅਰ ਅਸ਼ੋਕ ਕੁਮਾਰਨੇ ਸੰਸਥਾ ਦੇ ਵੱਖ-ਵੱਖ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਹੋਰ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਪਸਾਰ ਲਈ ਇਸ ਸੰਸਥਾ ਨਾਲ ਜੋੜਣ ਲਈ ਪ੍ਰੇਰਿਆ। ਨਰਿੰਦਰ ਸਿੰਘ ਪ੍ਰਧਾਨ, ਇਨੋਵੇਟਿਵ ਫਾਰਮਰਜ਼ ਐਸੋਸੀਏਸ਼ਨ ਨੇ ਕੁਦਰਤੀ ਖੇਤੀ ਬਾਬਤ ਆਪਣੇ ਤਜ਼ਰਬੇ ਸਾਂਝੇ ਕੀਤੇ ਅਤੇ ਕੁਦਰਤੀ ਖੇਤੀ ਦੇ ਮੰਡੀਕਰਨ ਲਈ ਆਤਮਾ ਕਿਸਾਨ ਹੱਟ ਅਤੇ ਰੋਸ਼ਨ ਗਰਾਉਂਡ, ਹੁਸ਼ਿਆਰਪੁਰ ਵਿਖੇ ਹਫ਼ਤਾਵਾਰੀ ਸੇਫ ਫੂਡ ਮੰਡੀ ਬਾਰੇ ਜਾਣੂ ਕਰਵਾਇਆ। ਸਿਖਿਆਰਥੀਆਂ ਨਾਲ ਜ਼ਿਲ੍ਹੇ ਦੇ ਹੋਰ ਅਗਾਂਹਵਧੂ ਕੁਦਰਤੀ ਖੇਤੀ ਕਰਨ ਵਾਲੇ ਕਿਸਾਨ ਵੀ ਰੁਬਰੂੂ ਹੋਏ। ਪਿੰਡ ਬਾਦੋਵਾਲ ਦੇ ਰੇਸ਼ਮ ਸਿੰਘ, ਜੋ ਕਿ ਆਈ.ਐਫ.ਏ ਦੇ ਜਰਨਲ ਸਕੱਤਰ ਵੀ ਹਨ, ਨੇ ਕੁਦਰਤੀ ਖੇਤੀ ਦੇ ਸਿਧਾਂਤਾਂ ਅਤੇ ਭਾਗਾਂ ਜਿਵੇਂ ਕਿ ਜੀਵ ਅੰਮ੍ਰਿਤ, ਬੀਜ ਅੰਮ੍ਰਿਤ, ਮਲਚਿੰਗ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਆਈ.ਐਫ.ਏ. ਦੇ ਇਕ ਹੋਰ ਅਨੁਭਵੀ ਮੈਂਬਰ ਸੁਰਜੀਤ ਸਿੰਘ ਪਿੰਡ ਬੀਰਮਪੁਰ ਨੇ ਮੁੱਲ ਵਧਾਉਣ ਲਈ ਪ੍ਰੋਸੈਸਿੰਗ ਕਰਨ ਅਤੇ ਦਾਲਾਂ ਦੀ ਕਾਸ਼ਤ ਬਾਰੇ ਚਰਚਾ ਕੀਤੀ। ਪੰਜਾਬ ਐਗਰੋ ਦੇ ਫੀਲਡ ਅਫ਼ਸਰ ਬਲਰਾਜ ਸਿੰਘ ਨੇ ਜੈਵਿਕ ਖੇਤੀ ਲਈ ਤਸਦੀਕੀਕਰਨ ਬਾਰੇ ਜਾਣਕਾਰੀ ਦਿੱਤੀ। ਹਾਜ਼ਰ ਕਿਸਾਨਾਂ ਦੀ ਸਹੂਲਤ ਲਈ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦਾ ਖੇਤੀ ਸਾਹਿਤ, ਗਰਮੀ ਦੀਆਂ ਸਬਜ਼ੀਆਂ ਦੀਆਂ ਕਿੱਟਾਂ, ਪਸ਼ੂਆਂ ਲਈ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਇੱਟ ਵੀ ਉਪਲਬੱਧ ਕਰਵਾਈ ਗਈ।
ਇਸ ਮੌਕੇ ਅਗਾਂਹਵਧੂ ਕਿਸਾਨ ਅਮਰਜੀਤ ਸਿੰਘ, ਪ੍ਰਿਥੀਪਾਲ ਸਿੰਘ, ਪਰਮਵੀਰ ਸਿੰਘ,  ਸੰਜੀਵ ਕੁਮਾਰ, ਮਲਕੀਤ ਸਿੰਘ, ਰਣਜੀਤ ਸਿੰਘ, ਸੋਹਲ ਸਿੰਘ, ਜਗਦੀਪ ਸਿੰਘ, ਤਨਵੀਰ ਪਰੂਥੀ ਤੋਂ ਇਲਾਵਾ ਹੋਰ ਕਿਸਾਨ ਵੀ ਮੌਜੂਦ ਸਨ।

Leave a Reply

Your email address will not be published. Required fields are marked *