ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਕਰੀਬ 70 ਲੱਖ ਰੁਪਏ ਦੀ ਲਾਗਤ ਨਾਲ ਡਿਜਾਈਨ ਕੀਤੀ ਗਈ ਹੁਸ਼ਿਆਰਪੁਰ ਫੂਡ ਸਟਰੀਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਇਹ ਹੁਸ਼ਿਆਰਪੁਰ ਵਾਸੀਆਂ ਲਈ ਇਕ ਨਵਾਂ ਤੋਹਫਾ ਹੈ, ਜਿਸ ਵਿਚ ਜਿਥੇ ਸ਼ਹਿਰ ਦੀ ਸੁੰਦਰਤਾ ਨੂੰ ਚਾਰ-ਚਾਂਦ ਲੱਗ ਗਏ ਹਨ, ਉਥੇ ਲੋਕਾਂ ਨੂੰ ਖਾਣ-ਪੀਣ ਲਈ ਸੁੰਦਰ ਅਤੇ ਸਾਫ਼-ਸੁਥਰਾ ਮਾਹੌਲ ਵੀ ਮਿਲਿਆ ਹੈ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਕਮਿਸ਼ਨਰ ਨਗਰ ਨਿਗਮ ਜਿਯੋਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ ਅਤੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਪੁਰਾਣੇ ਸਿਵਲ ਸਰਜਨ ਦਫ਼ਤਰ ਦੇ ਸਾਹਮਣੇ ਬਣਾਈ ਗਈ ਇਸ ਫੂਡ ਸਟਰੀਟ ਦੇ ਸਾਹਮਣੇ ਪਹਿਲਾਂ ਕੂੜੇ ਦੇ ਡੰਪ ਹੋਇਆ ਕਰਦੇ ਸਨ, ਜਿਸ ਨੂੰ ਪਹਿਲ ਦੇ ਆਧਾਰ ’ਤੇ ਉਠਾਇਆ ਗਿਆ। ਉਨ੍ਹਾਂ ਕਿਹਾ ਕਿ ਇਥੇ ਬਣੀ ਫੂਡ ਸਟਰੀਟ ਨੂੰ ਆਕਰਸ਼ਿਤ ਅਤੇ ਸੁੰਦਰ ਬਣਾਉਣ ਲਈ ਨਗਰ ਨਿਗਮ ਵਲੋਂ ਕੋਈ ਕਮੀ ਨਹੀਂ ਛੱਡੀ ਗਈ ਹੈ, ਜਿਸ ਤਹਿਤ ਇਥੇ ਸੁੰਦਰ ਲਾਈਟਿੰਗ, ਟਾਈਲ ਵਰਕ ਅਤੇ ਹੋਰ ਕੰਮ ਕਰਵਾਏ ਗਏ ਹਨ, ਤਾਂ ਜੋ ਇਥੇ ਆਉਣ ਵਾਲੇ ਲੋਕਾਂ ਨੂੰ ਇਕ ਵਧੀਆ ਮਾਹੌਲ ਮਿਲ ਸਕੇ।
ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਡੰਪ ਮੁਕਤ ਬਣਾਉਣ ਦਾ ਉਨ੍ਹਾਂ ਦਾ ਵਾਅਦਾ ਪੂਰਾ ਹੋ ਰਿਹਾ ਹੈ, ਜਿਸ ਤਹਿਤ ਫੂਡ ਸਟਰੀਟ ਨੂੰ ਪਹਿਲਾਂ ਹੀ ਡੰਪ ਮੁਕਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸ਼ਹਿਰ ਵਿਚ ਬਾਕੀ ਡੰਪ ਵੀ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਟਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਹੁਸ਼ਿਆਰਪੁਰ ਨੂੰ ਡੰਪ ਫਰੀ ਕਰ ਦਿੱਤਾ ਜਾਵੇਗਾ। ਹੁਸ਼ਿਆਰਪੁਰ ਦੀ ਛੋਟੀ-ਵੱਡੀ ਜ਼ਰੂਰਤ ਨੂੰ ਪੰਜਾਬ ਸਰਕਾਰ ਪੂਰਾ ਕਰ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਹੁਸ਼ਿਆਰਪੁਰ ਸ਼ਹਿਰ ਦਾ ਨਜ਼ਾਰਾ ਪੂਰੀ ਤਰ੍ਹਾਂ ਨਾਲ ਬਦਲਿਆ ਹੋਇਆ ਨਜ਼ਰ ਆਵੇਗਾ।
ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵਿਕਸਿਤ ਕੀਤੀ ਗਈ ਇਸ ਫੂਡ ਸਟਰੀਟ ਦਾ ਖੇਤਰਫਲ ਲਗਭਗ 700 ਫੁੱਟ ਹੈ। ਉਨ੍ਹਾਂ ਦੱਸਿਆ ਕਿ ਫੂਡ ਸਟਰੀਟ ਵਿਚ ਸਟਾਲਾਂ ਦੀ ਕੁੱਲ ਸੰਖਿਆ 50 ਹੈ ਅਤੇ ਇਥੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਵੈਜ ਅਤੇ ਨਾਨ-ਵੈਜ ਕੈਟੇਗਰੀ ਲਈ ਵੱਖ-ਵੱਖ ਰੇਹੜੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਫੂਡ ਸਟਰੀਟ ’ਤੇ ਰੋਜ਼ਾਨਾ ਲਗਭਗ 400 ਤੋਂ 500 ਲੋਕ ਆ ਕੇ ਵੱਖ-ਵੱਖ ਪ੍ਰਕਾਰ ਦੇ ਵਿਆਂਜਨਾਂ ਦਾ ਸਵਾਦ ਚਖਦੇ ਹਨ। ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਫੂਡ ਸਟਰੀਟ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਨੂੰ ਇਕ ਜਗ੍ਹਾ ਇਕੱਤਰ ਕਰ ਦਿੱਤਾ ਗਿਆ ਹੈ, ਜਿਸ ਨਾਲ ਸ਼ਹਿਰ ਵਿਚ ਆਵਾਜਾਈ ਦੀ ਸਮੱਸਿਆ ਕਾਫੀ ਘੱਟ ਹੋ ਗਈ ਹੈ। ਉਨ੍ਹਾਂ ਇਸ ਦੌਰਾਨ ਫੂਡ ਸਟਾਲ ਵਾਲਿਆਂ ਨੂੰ ਸਾਫ਼-ਸਫ਼ਾਈ ਰੱਖਣ ਅਤੇ ਉਤਮ ਪ੍ਰਕਾਰ ਦਾ ਖਾਣਾ ਪਰੋਸਨ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਸਹਾਇਕ ਕਮਿਸ਼ਨਰ ਨਗਰ ਨਿਗਮ ਸੰਦੀਪ ਤਿਵਾੜੀ, ਕੌਂਸਲਰ ਪ੍ਰਦੀਪ ਬਿੱਟੂ, ਵਿਜੇ ਅਗਰਵਾਲ, ਮੋਨਿਕਾ ਕਤਨਾ, ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਸਤਵੰਤ ਸਿੰਘ ਸਿਆਣ, ਐਡਵੋਕੇਟ ਅਮਰਜੋਤ ਸੈਣੀ, ਖਰੈਤੀ ਲਾਲ ਕਤਨਾ, ਸੰਦੀਪ ਚੇਚੀ, ਧੀਰਜ ਸ਼ਰਮਾ, ਸੰਤੋਸ਼ ਸੈਣੀ, ਸੁਮੇਸ਼ ਸੋਨੀ, ਅਮਰਜੀਤ ਸ਼ਰਮਾ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।