ਹੁਸ਼ਿਆਰਪੁਰ ’ਚ 1 ਤੋਂ 3 ਫਰਵਰੀ ਤੱਕ ਕਰਵਾਈ ਜਾਵੇਗੀ 31ਵੀਂ ‘ਸਟੇਟ ਚਿਲਡਰਨ ਸਾਇੰਸ ਕਾਂਗਰਸ’


ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀ.ਐਸ.ਸੀ.ਐਸ.ਟੀ) ਦੇ ਜਾਇੰਟ ਡਾਇਰੈਕਟਰ ਡਾ. ਕੇ. ਐਸ. ਬਾਠ ਨੇ ਦੱਸਿਆ ਕਿ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ 31ਵੀਂ ‘ਸਟੇਟ ਚਿਲਡਰਨ ਸਾਇੰਸ ਕਾਂਗਰਸ’ 1 ਤੋਂ 3 ਫਰਵਰੀ ਤੱਕ ਹੁਸ਼ਿਆਰਪੁਰ ਦੇ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸੂਬਾ ਪੱਧਰੀ ਆਯੋਜਨ ਵਿਚ 10 ਤੋਂ 17 ਸਾਲ ਤੱਕ ਦੀ ਉਮਰ ਦੇ ਵਿਦਿਆਰਥੀ ਛੋਟੇ ਰਿਸਰਚ ਪ੍ਰੋਜੈਕਟ ਬਣਾ ਕੇ ਪੇਸ਼ ਕਰਨਗੇ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਿੱਦੀਕੀ, ਪ੍ਰੋਜੈਕਟ ਵਿਗਿਆਨੀ ਡਾ. ਸੰਦਾਕਿਨੀ ਠਾਕੁਰ ਅਤੇ ਜ਼ਿਲ੍ਹਾ ਕੁਆਰਡੀਨੇਟਰ ਅਸ਼ੋਕ ਕਾਲੀਆ ਵੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਅਤੇ ਪੀ.ਐਸ.ਸੀ.ਐਸ.ਟੀ ਦੇ ਜਾਇੰਟ ਡਾਇਰੈਕਟਰ ਡਾ. ਕੇ. ਐਸ ਬਾਠ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਸੂਬਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਵਿਚ 400 ਤੋਂ ਵੱਧ ਵਿਦਿਆਰਥੀ ਅਤੇ ਅਧਿਆਪਕ ਪੂਬੇ ਸੂਬੇ ਤੋਂ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ 1 ਫਰਵਰੀ ਤੋਂ 3 ਫਰਵਰੀ ਤੱਕ ਹੋਣ ਵਾਲੀ ਇਸ ਸਾਇੰਸ ਕਾਂਗਰਸ ਵਿਚ ਬੱਚੇ ਵਿਗਿਆਨ ਪ੍ਰਤੀ ਆਪਣੀ ਸੋਚ ਨੂੰ ਵਿਕਸਿਤ ਕਰਨਗੇ ਅਤੇ ਨਵੇਂ-ਨਵੇਂ ਆਈਡੀਆ ਲੈ ਕੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਵਚਨਬੱਧ ਹੈ ਤਾਂ ਜੋ ਬੱਚੇ ਸਾਇੰਸ ਅਤੇ ਟੈਕਨਾਲੋਜੀ ਦੇ ਬਾਰੇ ਵਿਚ ਛੋਟੀ ਉਮਰ ਤੋਂ ਹੀ ਗਿਆਨ ਹਾਸਲ ਕਰ ਸਕਣ। ਵਧੀਕ ਡਿਪਟੀ ਕਮਿਸ਼ਨਰ ਅਤੇ ਪੀ.ਐਸ.ਸੀ.ਐਸ.ਟੀ ਦੇ ਜਾਇੰਟ ਡਾਇਰੈਕਟਰ ਨੇ ਦੱਸਿਆ ਕਿ ‘ਅੰਡਰਸਟੈਂਡਿੰਗ ਈਕੋਸਿਸਟਮ ਫਾਰ ਹੈਲਥ ਐਂਡ ਵੈਲਬੀਇੰਗ’ ਥੀਮ ’ਤੇ ਇਸ ਸਾਲ ਸੂਬੇ ਦੇ ਸਾਰੇ 23 ਜ਼ਿਲਿ੍ਹਆਂ ਦੇ ਭਾਗੀਦਾਰਾਂ ਵੱਲੋਂ 1200 ਤੋਂ ਵੱਧ ਪ੍ਰੋਜੈਕਟ ਤਿਆਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 138 ਪ੍ਰੋਜੈਕਟ ਸੂਬਾ ਪੱਧਰ ’ਤੇ ਪੇਸ਼ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਤੋਂ 16 ਪ੍ਰੋਜੈਕਟ ਦੀ ਚੋਣ ਕਰਕੇ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਈਵੈਂਟ ਵਿਚ ਭਾਗ ਲੈਣ ਲਈ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਨੇ ਹਮੇਸ਼ਾ ਹੀ ਇਸ ਈਵੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਬਹੁਤ ਸਾਰੇ ਬੱਚਿਆਂ ਨੇ ਸੂਬੇ ਲਈ ਸੁਨਹਿਰੀ ਪਲ ਪੇਸ਼ ਕੀਤੇ ਹਨ ਅਤੇ ਉਨ੍ਹਾਂ ਮਾਣਮੱਤੀਆਂ ਪ੍ਰਾਪਤੀਆਂ ਕਰਕੇ ਸੂਬੇ ਦਾ ਨਾਮ ਰਾਸ਼ਟਰ ਪੱਧਰ ’ਤੇ ਰੋਸ਼ਨ ਕੀਤਾ ਹੈ। ਡਾ. ਕੇ.ਐਸ ਬਾਠ ਨੇ ਇਸ ਮੌਕੇ ਐਸ.ਸੀ.ਈ.ਆਰ.ਟੀ ਦੇ ਸਕੂਲਾਂ ਅਤੇ ਵਿਸ਼ੇਸ਼ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹ ਈਵੈਂਟ ਆਯੋਜਿਤ ਕਰਵਾਉਣ ਲਈ ਧੰਨਵਾਦ ਪ੍ਰਗਟਾਇਆ।

Leave a Reply

Your email address will not be published. Required fields are marked *